ਲਖਨਊ, (ਸਮਾਜ ਵੀਕਲੀ) : ਅਯੁੱਧਿਆ ਵਿੱਚ ਦੀਵਾਲੀ ਤੋਂ ਇਕ ਦਿਨ ਪਹਿਲਾਂ ਸਾਢੇ ਪੰਜ ਲੱਖ ਦੇ ਕਰੀਬ ਦੀਵੇ ਜਗਾਊਣ ਤੋਂ ਇਲਾਵਾ ਊੱਤਰ ਪ੍ਰਦੇਸ਼ ਸਰਕਾਰ ਵੱਲੋਂ ਇਕ ਵੈੱਬਸਾਈਟ ਵਿਕਸਤ ਕੀਤੀ ਜਾ ਰਹੀ ਹੈ ਜਿਸ ਰਾਹੀਂ ਸ਼ਰਧਾਲੂਆਂ ਨੂੰ ਇਸ ਮੌਕੇ ਵਰਚੁਅਲ ਦੀਵੇ ਜਗਾਊਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਵਰਚੁਅਲ ਦੀਪ ਉਤਸਵ ਵਿੱਚ ਸ਼ਿਰਕਤ ਕਰਨਗੇ। ਸੂਬਾ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ, ‘ਲਗਪਗ 492 ਸਾਲਾਂ ਦੀ ਲੰਮੀ ਊਡੀਕ ਮਗਰੋਂ ਹੁਣ ਜਦੋਂ ਵਿਸ਼ਾਲ ਰਾਮ ਮੰਦਿਰ ਬਣਾਊਣ ਦਾ ਸੁਪਨਾ ਪੂਰਾ ਹੋਣ ਲੱਗਾ ਹੈ, ਸੂਬਾ ਸਰਕਾਰ ਇਹ ਯਕੀਨੀ ਬਣਾਊਣਾ ਚਾਹੁੰਦੀ ਹੈ ਕਿ ਕੋਈ ਵੀ ਰਾਮ ਲੱਲਾ ਦੇ ‘ਦਰਬਾਰ’ ਵਿੱਚ ਸ਼ਰਧਾ ਤੇ ਵਿਸ਼ਵਾਸ ਦਾ ਦੀਵਾ ਜਗਾਊਣ ਤੋਂ ਵਾਂਝਾ ਨਾ ਰਹੇ।’
ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਦੀਆਂ ਵਿਸ਼ੇਸ਼ ਹਦਾਇਤਾਂ ’ਤੇ ਸਰਕਾਰ ਨੇ ਇਕ ਵਿਸ਼ੇਸ਼ ਪੋਰਟਲ ਤਿਆਰ ਕੀਤਾ ਹੈ, ਜਿੱਥੇ ਵਰਚੁਅਲ ਦੀਵੇ ਜਗਾੲੇ ਜਾ ਸਕਣਗੇ।’ ਇਸ ਪੋਰਟਲ ’ਤੇ ਸ੍ਰੀ ਰਾਮ ਲੱਲਾ ਵਿਰਾਜਮਾਨ ਦੀ ਤਸਵੀਰ ਹੋਵੇਗੀ, ਜਿਸ ਅੱਗੇ ਵਰਚੁਅਲ ਦੀਵੇ ਜਗਾੲੇ ਜਾਣਗੇ। ਪੋਰਟਲ ’ਤੇ ਮਰਜ਼ੀ ਮੁਤਾਬਕ ਦੀਵੇ ਦਾ ਸਟੈਂਡ ਚੁਣਨ ਦੀ ਵੀ ਸਹੂਲਤ ਹੋਵੇਗੀ। ਦੀਵੇ ਜਗਣ ਮਗਰੋਂ ਸ਼ਰਧਾਲੂ ਦੀ ਤਫ਼ਸੀਲ ਦੇ ਆਧਾਰ ’ਤੇ ਊਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ‘ਧੰਨਵਾਦ ਕਰਦਾ’ ਇਕ ਡਿਜੀਟਲ ਪੱਤਰ ਵੀ ਭੇਜਿਆ ਜਾਵੇਗਾ। ਇਸ ਪੱਤਰ ਵਿੱਚ ਰਾਮ ਲੱਲਾ ਦੀ ਤਸਵੀਰ ਵੀ ਹੋਵੇਗੀ। ਵੈੱਬ ਪੋਰਟਲ ਨੂੰ 13 ਨਵੰਬਰ ਨੂੰ ਮੁੱਖ ਸਮਾਗਮ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਆਦਿੱਤਿਅਨਾਥ ਨੇ ਅਯੁੱਧਿਆ ਦੀਪ ਉਤਸਵ ਮੌਕੇ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਊਣ ਦੀ ਵੀ ਹਦਾਇਤ ਕੀਤੀ ਹੈ।