ਅਯੁੱਧਿਆ ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲੈ ਕੇ ਮੁਸਲਿਮ ਧਿਰਾਂ ਦੋਫਾੜ

ਲਖਨਊ : ਅਯੁੱਧਿਆ ਮਾਮਲੇ ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲੈ ਕੇ ਮੁਸਲਿਮ ਧਿਰਾਂ ਵੰਡੀਆਂ ਨਜ਼ਰ ਆਉਣ ਲੱਗੀਆਂ ਹਨ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਇਸ ਨੂੰ ਅਣਉਚਿਤ ਦਸਦਿਆਂ ਨਾਮਨਜ਼ੂਰ ਕਰ ਦਿੱਤਾ ਹੈ। ਐਤਵਾਰ ਨੂੰ ਬੋਰਡ ਦੀ ਕਾਰਜਕਾਰਨੀ ਨੇ ਅਹਿਮ ਮੀਟਿੰਗ ਕਰ ਕੇ ਫ਼ੈਸਲਾ ਲਿਆ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ‘ਤੇ ਮੁਸਲਮਾਨ ਧਿਰ ਨਜ਼ਰਸਾਨੀ ਪਟੀਸ਼ਨ ਦਾਇਰ ਕਰੇਗੀ।

ਬੋਰਡ ਨੇ ਮਸਜਿਦ ਲਈ ਪੰਜ ਏਕੜ ਜ਼ਮੀਨ ਦੂਜੀ ਥਾਂ ਲੈਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਇਹ ਸ਼ਰੀਅਤ ਵਿਰੁੱਧ ਹੈ। ਹਾਲਾਂਕਿ ਬਾਬਰੀ ਮਸਜਿਦ ਦੀ ਮੁੱਖ ਧਿਰ ਇਕਬਾਲ ਅੰਸਾਰੀ ਨੇ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦਿਆਂ ਕਿਹਾ ਹੈ ਕਿ ਉਹ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਹਨ।

ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੀ ਮੀਟਿੰਗ ਐਤਵਾਰ ਨੂੰ ਲਖਨਊ ਦੇ ਨਦਵਾਤੁਲ ਉਲਮਾ ਵਿਚ ਹੋਣੀ ਸੀ ਪਰ ਪ੍ਰਸ਼ਾਸਨ ਤੋਂ ਆਗਿਆ ਨਾ ਮਿਲਣ ਕਾਰਨ ਡਾਲੀਗੰਜ ਸਥਿਤ ਮੁਮਤਾਜ ਪੀਜੀ ਕਾਲਜ ‘ਚ ਹੋਈ। ਬੋਰਡ ਵਿਚ ਪੰਜਾਹ ਮੈਂਬਰ ਹਨ ਜਿਸ ਵਿਚ 35 ਮੈਂਬਰਾਂ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਸੱਦੇ ਮੁਸਲਮਾਨ ਆਗੂ ਵੀ ਸ਼ਾਮਲ ਹੋਏ।

ਕਰੀਬ ਤਿੰਨ ਘੰਟੇ ਤਕ ਚੱਲੀ ਮੀਟਿੰਗ ‘ਚ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਦੇ ਤਮਾਮ ਬਿੰਦੂਆਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਬੋਰਡ ਦੇ ਸਕੱਤਰ ਤੇ ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਕਨਵੀਨਰ ਜਫ਼ਰਯਾਬ ਜਿਲਾਨੀ ਨੇ ਕਿਹਾ ਕਿ ਮੁਸਲਮਾਨ ਧਿਰ ਨੂੰ ਸੁਪਰੀਮ ਕੋਰਟ ਦਾ ਫ਼ੈਸਲਾ ਮਨਜ਼ੂਰ ਨਹੀਂ। ਇਹ ਮਹਿਸੂਸ ਕੀਤਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਵਿਚ ਕਈ ਬਿੰਦੂਆਂ ‘ਤੇ ਨਾ ਕੇਵਲ ਆਪਾ-ਵਿਰੋਧ ਹੈ ਬਲਕਿ ਪਹਿਲੀ ਨਜ਼ਰੇ ਅਣਉਚਿਤ ਪ੍ਰਤੀਤ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਪਟੀਸ਼ਨ ਵਿਚ ਇਸ ਤੱਥ ਦਾ ਵੀ ਜ਼ਿਕਰ ਕੀਤਾ ਜਾਵੇਗਾ ਕਿ ਮਸਜਿਦ ਨੂੰ ਜ਼ਮੀਨ ਦੇ ਬਦਲੇ ਮੁਸਲਮਾਨ ਕੋਈ ਹੋਰ ਜ਼ਮੀਨ ਸਵੀਕਾਰ ਨਹੀਂ ਕਰ ਸਕਦੇ। ਮੁਸਲਮਾਨ ਕਿਸੇ ਦੂਜੇ ਸਥਾਨ ‘ਤੇ ਆਪਣਾ ਅਧਿਕਾਰ ਲੈਣ ਲਈ ਸੁਪਰੀਮ ਕੋਰਟ ਨਹੀਂ ਗਏ ਸਨ ਬਲਕਿ ਮਸਜਿਦ ਦੀ ਜ਼ਮੀਨ ਲਈ ਨਿਆਂ ਲਈ ਗਏ ਸਨ। ਉਨ੍ਹਾਂ ਦਲੀਲ ਦਿੱਤੀ ਕਿ ਅਯੁੱਧਿਆ ‘ਚ ਨਵੀਂ ਮਸਜਿਦ ਬਣਾਉਣ ਦੀ ਸਾਨੂੰ ਕੀ ਲੋੜ ਹੈ। ਪਹਿਲਾਂ ਹੀ ਉੱਥੇ ਮਸਜਿਦਾਂ ਮੌਜੂਦ ਹਨ।

ਬੋਰਡ ਦੇ ਸਕੱਤਰ ਮੌਲਾਨਾ ਉਮਰੇਨ ਮਹਿਫੂਜ਼ ਰਹਿਮਾਨੀ ਨੇ ਦਲੀਲ ਦਿੱਤੀ ਕਿ ਸ਼ਰੀਅਤ ਅਨੁਸਾਰ ਅਸੀਂ ਮਸਜਿਦ ਦੇ ਇਵਜ਼ ‘ਚ ਕੋਈ ਵਸਤੂ ਜਾਂ ਜ਼ਮੀਨ ਨਹੀਂ ਲੈ ਸਕਦੇ। ਲਿਹਾਜ਼ਾ ਅਸੀਂ ਅਯੁੱਧਿਆ ਵਿਚ ਬਾਬਰੀ ਮਸਜਿਦ ਦੇ ਬਦਲੇ ਪੰਜ ਏਕੜ ਜ਼ਮੀਨ ਸਵੀਕਾਰ ਨਹੀਂ ਕਰ ਸਕਦੇ। ਬਾਬਰੀ ਮੁਸਲਿਮ ਐਕਸ਼ਨ ਕਮੇਟੀ ਦੇ ਸਹਿ-ਕਨਵੀਨਰ ਕਾਸਿਮ ਰਸੂਲ ਇਲਿਆਸ ਨੇ ਦੱਸਿਆ ਕਿ ਅਸੀਂ ਇਸ ਫ਼ੈਸਲੇ ਦੇ 30 ਦਿਨਾਂ ਅੰਦਰ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰ ਦਿਆਂਗੇ।

ਮੀਟਿੰਗ ਦੀ ਪ੍ਰਧਾਨਗੀ ਬੋਰਡ ਦੇ ਪ੍ਰਧਾਨ ਮੌਲਾਨਾ ਸਈਦ ਮੁਹੰਮਦ ਰਾਬੇ ਹਸਨੀ ਨਦਵੀ ਨੇ ਕੀਤੀ। ਇਸ ਵਿਚ ਜਮੀਅਤ ਉਲਮਾ-ਏ-ਹਿੰਦ ਦੇ ਮੁਖੀ ਮੌਲਾਨਾ ਅਰਸ਼ਦ ਮਦਨੀ, ਸੰਸਦ ਮੈਂਬਰ ਅਸਦਉੱਦੀਨ ਓਵੈਸੀ, ਮੌਲਾਨਾ ਵਲੀ ਰਹਿਮਾਨੀ, ਜਲਾਲਉੱਦੀਨ ਉਮਰੀ, ਸੰਸਦ ਮੈਂਬਰ ਮੁਹੰਮਦ ਬਸ਼ੀਰ, ਮਹਿਲਾ ਮੈਂਬਰ ਡਾ. ਆਸਮਾ ਜਾਹਰਾ, ਆਮਨਾ ਰਿਜਵਾਨਾ, ਪਰਵੀਨ ਖ਼ਾਨ, ਮਮਦੁਹਾ ਮਾਜ਼ਿਦ ਆਦਿ ਨੇ ਸ਼ਿਰਕਤ ਕੀਤੀ।

Previous articleIndia-US convergence growing in Indo-Pacific: Rajnath
Next articleCollective efforts to prevent road accidents: UN chief