ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ’ਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਮੈਗਾਸਟਾਰ ਅਮਿਤਾਭ ਬੱਚਨ (77) ਨੂੰ ਦਾਦਾਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ। ਸ੍ਰੀ ਬੱਚਨ ਨੂੰ ਪਹਿਲਾਂ ਪਿਛਲੇ ਸੋਮਵਾਰ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ਦੌਰਾਨ ਨਿਵਾਜਿਆ ਜਾਣਾ ਸੀ ਪਰ ਸਿਹਤ ਨਾਸਾਜ਼ ਹੋਣ ਕਰਕੇ ਉਹ ਸਮਾਗਮ ’ਚ ਹਾਜ਼ਰੀ ਨਹੀਂ ਭਰ ਸਕੇ ਸਨ। ਦਾਦਾਸਾਹੇਬ ਫਾਲਕੇ ਐਵਾਰਡ ’ਚ ਸਵਰਨ ਕਮਲ ਤਗਮਾ, ਸ਼ਾਲ ਅਤੇ 10 ਲੱਖ ਰੁਪਏ ਨਕਦ ਪੁਰਸਕਾਰ ਸ਼ਾਮਲ ਹਨ। ਰਾਸ਼ਟਰਪਤੀ ਤੋਂ ਪੁਰਸਕਾਰ ਹਾਸਲ ਕਰਨ ਮਗਰੋਂ ਅਮਿਤਾਭ ਬੱਚਨ ਨੇ ਭਾਰਤ ਸਰਕਾਰ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਕੌਮੀ ਫਿਲਮ ਪੁਰਸਕਾਰਾਂ ਦੇ ਜਿਊਰੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਰੱਬ ਉਨ੍ਹਾਂ ’ਤੇ ਦਿਆਲ ਹੈ ਅਤੇ ਮਾਪਿਆਂ ਦਾ ਆਸ਼ੀਰਵਾਦ ਹਾਸਲ ਹੈ। ਉਨ੍ਹਾਂ ਕਿਹਾ ਕਿ ਉਹ ਸਭ ਤੋਂ ਵੱਧ ਆਪਣੇ ਪ੍ਰਸ਼ੰਸਕਾਂ ਦੇ ਕਰਜ਼ਦਾਰ ਹਨ ਜਿਨ੍ਹਾਂ ਦੇ ਪਿਆਰ ਸਦਕਾ ਉਹ ਅੱਜ ਇਸ ਮੁਕਾਮ ’ਤੇ ਖੜ੍ਹੇ ਹਨ। ਅਮਿਤਾਭ ਬੱਚਨ ਨੇ ਕਿਹਾ ਕਿ ਅਜੇ ਬਹੁਤ ਕੰਮ ਕਰਨਾ ਬਾਕੀ ਹੈ। ਉਨ੍ਹਾਂ ਹਲਕੇ ਅੰਦਾਜ਼ ’ਚ ਕਿਹਾ ਕਿ ਜਦੋਂ 2018 ’ਚ ਦਾਦਾਸਾਹੇਬ ਫਾਲਕੇ ਪੁਰਸਕਾਰ ਦਾ ਐਲਾਨ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਸੀ ਕਿ ਸਮਾਂ ਆ ਗਿਆ ਹੈ ਕਿ ਉਹ ਘਰ ਬੈਠ ਜਾਣ ਪਰ ਅਜੇ ਕੁਝ ਸੰਭਾਵਨਾਵਾਂ ਨਜ਼ਰ ਆਉਂਦੀਆਂ ਸਨ ਕਿ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ। ਸਮਾਗਮ ਦੌਰਾਨ ਸ੍ਰੀ ਬੱਚਨ ਦੀ ਪਤਨੀ ਅਦਾਕਾਰਾ ਅਤੇ ਸੰਸਦ ਮੈਂਬਰ ਜਯਾ ਬੱਚਨ, ਪੁੱਤਰ ਅਤੇ ਅਦਾਕਾਰ ਅਭਿਸ਼ੇਕ ਬੱਚਨ ਵੀ ਹਾਜ਼ਰ ਸਨ। ਇਸ ਮੌਕੇ ਕੌਮੀ ਫਿਲਮ ਪੁਰਸਕਾਰਾਂ ਦੇ ਹੋਰ ਜੇਤੂ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਢੁੰਡੀਰਾਜ ਗੋਵਿੰਦ ਫਾਲਕੇ ਨੂੰ ਭਾਰਤੀ ਸਿਨਮਾ ਦਾ ਪਿਤਾਮਾ ਮੰਨਿਆ ਜਾਂਦਾ ਹੈ ਅਤੇ ਇਹ ਪੁਰਸਕਾਰ 1969 ’ਚ ਕਾਇਮ ਹੋਇਆ ਸੀ ਜਦੋਂ ਅਮਿਤਾਭ ਬੱਚਨ ਨੇ ‘ਸਾਤ ਹਿੰਦੁਸਤਾਨੀ’ ਰਾਹੀਂ ਹਿੰਦੀ ਫਿਲਮ ਜਗਤ ’ਚ ਪੈਰ ਧਰਿਆ ਸੀ। ਹਿੰਦੀ ਕਵੀ ਹਰੀਵੰਸ਼ਰਾਏ ਬੱਚਨ ਅਤੇ ਤੇਜੀ ਬੱਚਨ ਦੇ ਘਰ 1942 ’ਚ ਜਨਮੇ ਅਮਿਤਾਭ ਬੱਚਨ ਨੇ ਮ੍ਰਿਣਾਲ ਸੇਨ ਦੀ ਬੰਗਾਲੀ ਫਿਲਮ ‘ਭੁਵਨ ਸ਼ੋਮ’ ਤੋਂ ਵੁਆਇਸ ਓਵਰ ਆਰਟਿਸਟ ਵਜੋਂ ਕਰੀਅਰ ਸ਼ੁਰੂ ਕੀਤਾ ਸੀ। ਆਪਣੇ ਪੰਜ ਦਹਾਕਿਆਂ ਦੇ ਕਰੀਅਰ ਦੌਰਾਨ ਸ੍ਰੀ ਬੱਚਨ ਨੇ ਯਾਦਗਾਰ ਫਿਲਮਾਂ ਦੇ ਕੇ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ।