ਇਸਲਾਮਾਬਾਦ (ਸਮਾਜਵੀਕਲੀ): ਕਰਾਚੀ ਦੇ ਜਿਨਾਹ ਕੌਮਾਂਤਰੀ ਹਵਾਈ ਅੱਡੇ ਨੇੜੇ ਪਿਛਲੇ ਮਹੀਨੇ ਪਾਕਿਸਤਾਨ ਕੌਮਾਂਤਰੀ ਏਅਰਲਾਈਨਜ਼ (ਪੀਆਈਏ) ਦੇ ਜਹਾਜ਼ ਨਾਲ ਵਾਪਰੇ ਹਾਦਸੇ ਦੀ ਮੁੱਢਲੀ ਰਿਪੋਰਟ ਅਨੁਸਾਰ ਇਹ ਹਾਦਸਾ ਹਵਾਈ ਜਹਾਜ਼ ਦੇ ਅਮਲੇ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਸੀ। ਇਸ ਹਾਦਸੇ ਦਾ ਕਾਰਨ ਕੋਈ ਤਕਨੀਕ ਨੁਕਸ ਨਹੀਂ ਸੀ।
ਇਸ ਹਾਦਸੇ ’ਚ ਜਹਾਜ਼ ’ਚ ਸਵਾਰ 97 ਵਿਅਕਤੀਆਂ ਦੀ ਮੌਤ ਹੋ ਗਈ ਸੀ। 22 ਮਈ ਨੂੰ ਇਹ ਜਹਾਜ਼ ਲਾਹੌਰ ਤੋਂ ਕਰਾਚੀ ਲਈ ਉੱਡਿਆ ਸੀ ਤੇ ਕਰਾਚੀ ਹਵਾਈ ਅੱਡੇ ’ਤੇ ਲੈਂਡਿੰਗ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਵਾਬਾਜ਼ੀ ਮੰਤਰੀ ਗ਼ੁਲਾਮ ਸਰਵਰ ਖਾਨ ਨੇ ਹਾਦਸੇ ਦੀ ਜਾਂਚ ਰਿਪੋਰਟ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੌਂਪ ਦਿੱਤੀ ਹੈ।