ਵਾਸ਼ਿੰਗਟਨ (ਸਮਾਜਵੀਕਲੀ) : ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਥੇ ਵਸਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਡਿਜੀਟਲ ਗੱਲਬਾਤ ਕੀਤੀ। ਇਸ ਸਮੇਂ ਦੌਰਾਨ ਵਿਦੇਸ਼ੀ ਨੇਤਾਵਾਂ ਨੇ ਪੰਜਾਬ ’ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਦੇ ਹੋਏ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਵਚਨਬੱਧਤਾ ਜਤਾਈ।
ਸ੍ਰੀ ਸੰਧੂ ਨੇ ਸ਼ੁੱਕਰਵਾਰ ਨੂੰ ਗੱਲਬਾਤ ਤੋਂ ਤੁਰੰਤ ਬਾਅਦ ਟਵੀਟ ਕੀਤਾ, “ਭਾਰਤੀ-ਅਮਰੀਕੀ ਸਿੱਖ ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਨਾਲ ਇੱਕ ਵਧੀਆ ਗੱਲਬਾਤ ਹੋਈ।” ਇਸ ਡਿਜੀਟਲ ਸੰਵਾਦ ਵਿੱਚ ਤਕਰੀਬਨ 100 ਪ੍ਰਮੁੱਖ ਸਿੱਖ ਨੇਤਾਵਾਂ ਨੇ ਹਿੱਸਾ ਲਿਆ। ਦੋ ਘੰਟਿਆਂ ਦੀ ਡਿਜੀਟਲ ਮੀਟਿੰਗ ਦੌਰਾਨ ਰਾਜਦੂਤ ਨੇ ਭਾਈਚਾਰੇ ਨੂੰ ਭਾਰਤ-ਅਮਰੀਕਾ ਰਣਨੀਤਕ ਸਬੰਧਾਂ ਬਾਰੇ ਜਾਣੂ ਕਰਵਾਇਆ ਅਤੇ ਅਮਰੀਕਾ ਦੇ ਸਮਾਜਿਕ-ਆਰਥਿਕ ਖੇਤਰ ਅਤੇ ਭਾਰਤ ਦੇ ਵਿਕਾਸ ਵਿੱਚ ਉਨ੍ਹਾਂ ਦੇ ਵਿਸ਼ਾਲ ਯੋਗਦਾਨ ਦੀ ਸ਼ਲਾਘਾ ਕੀਤੀ।
ਸਿੱਖ ਲੀਡਰਾਂ ਨੇ ਪੰਜਾਬ ਨੂੰ ਸਿੱਖਿਆ ਅਤੇ ਵਾਤਾਵਰਣ ਦੇ ਖੇਤਰ ਵਿੱਚ ਵਿਕਾਸ ਲਈ ਸਹਾਇਤਾ ਕਰਨ ਦੀ ਇੱਛਾ ਜਤਾਈ। ਸੰਵਾਦ ਵਿਚ ਸ਼ਾਮਲ ਹੋਏ ਅਧਿਕਾਰੀ ਨੇ ਕਿਹਾ, “ਪੰਜਾਬ ਦੇ ਸਰਵਪੱਖੀ ਵਿਕਾਸ ਲਈ ਕੁਝ ਕਰਨ ਪ੍ਰਤੀ ਬਹੁਤ ਉਤਸ਼ਾਹ ਹੈ।”