ਨਿਊਯਾਰਕ (ਸਮਾਜਵੀਕਲੀ) : ਕੋਲੋਰਾਡੋ ਵਿੱਚ ਇੱਕ ਗੋਰੇ ਵੱਲੋਂ ਇੱਕ ਸ਼ਰਾਬ ਦੇ ਸਟੋਰ ਦੇ ਮਾਲਕ ਇੱਕ ਅਮਰੀਕੀ ਸਿੱਖ ’ਤੇ ਹਮਲੇ ਦੇ ਮਾਮਲੇ ’ਚ ਸਿੱਖ ਕਾਨੂੰਨੀ ਸੰਸਥਾਵਾਂ ਨੇ ਮੁਲਜ਼ਮ ਖ਼ਿਲਾਫ਼ ਨਫ਼ਰਤੀ ਅਪਰਾਧ ਦੇ ਦੋਸ਼ ਜੋੜਨ ਦੀ ਮੰਗ ਕੀਤੀ ਹੈ। ‘ਦਿ ਸਿੱਖ ਕੋਲੀਸ਼ਨ’ ਦੀ ਰਿਪੋਰਟ ਮੁਤਾਬਕ ਇਸ ਵਰ੍ਹੇ ਅਪਰੈਲ ਮਹੀਨੇ ’ਚ ਐਰਿਕ ਬ੍ਰੀਮੈੱਨ ਨੇ ਲਖਵੰਤ ਸਿੰਘ ’ਤੇ ਹਮਲਾ ਕੀਤਾ ਸੀ।
ਮੁਲਜ਼ਮ ਨੇ ਸਟੋਰ ’ਚ ਕਾਫ਼ੀ ਨੁਕਸਾਨ ਕਰਨ ਤੋਂ ਬਾਅਦ ਸਿੱਖ ਜੋੜੇ ਨੂੰ ਵਾਪਸ ਆਪਣੇ ਮੁਲਕ ਪਰਤਣ ਲਈ ਕਿਹਾ ਸੀ। ਮੁਲਜ਼ਮ ਬ੍ਰੀਮੈੱਨ ਵੱਲੋਂ ਸਟੋਰ ਤੋਂ ਬਾਹਰ ਨਿਕਲਣ ਤੋਂ ਬਾਅਦ ਲਖਵੰਤ ਸਿੰਘ ਨੇ ਸਟੋਰ ਤੋਂ ਬਾਹਰ ਜਾ ਕੇ ਉਸ ਦੀ ਲਾਇਸੈਂਸ ਪਲੇਟ ਦੀ ਫੋਟੋ ਲੈਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਉਸ ਖ਼ਿਲਾਫ਼ ਕਾਰਵਾਈ ਲਈ ਚਾਰਾਜ਼ੋਈ ਕਰ ਸਕੇ, ਪਰ ਮੁਲਜ਼ਮ ਨੇ ਆਪਣਾ ਵਾਹਨ ਉਸ ’ਚ ਮਾਰਿਆ, ਜਿਸ ਕਾਰਨ ਉਹ ਕਈ ਫੁੱਟ ਦੂਰ ਜਾ ਡਿੱਗਿਆ ਤੇ ਗੰਭੀਰ ਜ਼ਖ਼ਮੀ ਹੋ ਗਿਆ।