ਸਿੱਖ ਕਾਰਕੁਨਾਂ ਦੇ ਇਕ ਸਮੂਹ ਨੇ 2011 ਵਿਚ ਧਾਰਮਿਕ ਤੌਰ ’ਤੇ ਪੱਖਪਾਤੀ ਨੀਤੀਆਂ ਦਾ ਬਚਾਅ ਕਰਨ ਲਈ ਡੈਮੋਕਰੈਟ ਕਮਲਾ ਹੈਰਿਸ ਨੂੰ ਇਕ ਆਨਲਾਈਨ ਮੁਹਿੰਮ ਰਾਹੀਂ ਮੁਆਫ਼ੀ ਮੰਗਣ ਲਈ ਕਿਹਾ ਹੈ। ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਕਮਲਾ ਹੈਰਿਸ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੈ। ਦੱਸਣਯੋਗ ਹੈ ਕਿ 2011 ਦੇ ਨੇਮਾਂ ਮੁਤਾਬਕ ਜੇਲ੍ਹ ਦੇ ਸੁਰੱਖਿਆ ਕਰਮੀਆਂ ਨੂੰ ਧਾਰਮਿਕ ਕਾਰਨਾਂ ਦੇ ਪੱਖ ਤੋਂ ਵੀ ਦਾੜ੍ਹੀ ਰੱਖਣ ਦੀ ਛੋਟ ਨਹੀਂ ਮਿਲ ਰਹੀ ਸੀ। ਇਕ ਬਿਆਨ ਮੁਤਾਬਕ ਇਨ੍ਹਾਂ ਸਿੱਖ ਕਾਰਕੁਨਾਂ ਨੇ ਦੋਸ਼ ਲਾਇਆ ਹੈ ਕਿ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਹੁੰਦਿਆਂ ਹੈਰਿਸ ਨੇ ਦਾੜ੍ਹੀ ਨਾ ਰੱਖਣ ਦੇਣ ਦੀ ਇਸ ਨੀਤੀ ਦਾ ਬਚਾਅ ਕੀਤਾ ਸੀ। ਨੀਤੀਗਤ ਬਦਲਾਅ ਤੋਂ ਬਗ਼ੈਰ 2011 ਵਿਚ ਜਿਨ੍ਹਾਂ ਕੇਸਾਂ ਦਾ ਨਿਬੇੜਾ ਹੋਇਆ, ਉਨ੍ਹਾਂ ਬਾਰੇ ਅਮਰੀਕੀ ਕਾਨੂੰਨ ਵਿਭਾਗ ਨੂੰ ਸਿਵਲ ਅਧਿਕਾਰ ਮਾਮਲਿਆਂ ਦੀ ਜਾਂਚ ਸ਼ੁਰੂ ਕਰਨੀ ਪਈ। ਕੈਲੀਫੋਰਨੀਆ ਦੇ ਸਿੱਖਾਂ ਦੀ ਲਾਬਿੰਗ ਕਰ ਕੇ ਅਗਲੇ ਸਾਲ ਤੋਂ ਕੰਮ ਵਾਲੀਆਂ ਥਾਵਾਂ ’ਤੇ ਜ਼ਿਆਦਾ ਧਾਰਮਿਕ ਛੋਟ ਦੇਣ ਵਾਲੀ ਨੀਤੀ ਬਣੀ। ਇਸ ਆਨਲਾਈਨ ਪਟੀਸ਼ਨ ਨਾਲ ਜੁੜੇ ਇਕ ਵਕੀਲ ਰਾਜਦੀਪ ਸਿੰਘ ਜੌਲੀ ਨੇ ਕਿਹਾ ਕਿ ਕਮਲਾ ਹੈਰਿਸ ਆਪਣੇ ਵਿਰੋਧੀਆਂ ਨੂੰ ਨਾਗਰਿਕ ਹੱਕਾਂ ’ਤੇ ਭਾਸ਼ਨ ਦੇ ਰਹੀ ਹੈ ਪਰ ਉਨ੍ਹਾਂ ਨੂੰ ਹੁਣ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਦੇ ਰੂਪ ਵਿਚ ਅਮਰੀਕੀ ਸਿੱਖਾਂ ਦੇ ਹੱਕਾਂ ਨਾਲ ਖੇਡਣ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੈਰਿਸ ਨੇ ਉਸ ਵੇਲੇ ਵੀ ਇਜਾਜ਼ਤ ਨਹੀਂ ਦਿੱਤੀ ਜਦ ਰਾਸ਼ਟਰਪਤੀ ਬਰਾਕ ਓਬਾਮਾ ਇਸ ਪਾਸੇ ਇਤਿਹਾਸਕ ਕਦਮ ਚੁੱਕ ਰਹੇ ਸਨ। ਕਮਲਾ ਹੈਰਿਸ ਦੇ ਮੁਹਿੰਮ ਤਰਜਮਾਨ ਵੱਲੋਂ ਇਨ੍ਹਾਂ ਦੋਸ਼ਾਂ ਬਾਰੇ ਅਜੇ ਕੋਈ ਪ੍ਰਤੀਕਿਰਿਆ ਨਹੀਂ ਆਈ।
World ਅਮਰੀਕੀ ਸਿੱਖਾਂ ਨੇ ਕਮਲਾ ਹੈਰਿਸ ਨੂੰ ਮੁਆਫ਼ੀ ਮੰਗਣ ਲਈ ਕਿਹਾ