ਅਮਰੀਕੀ ਰੱਖਿਆ ਮੰਤਰੀ ਜੇਮਜ਼ ਮੈਟਿਜ਼ ਵੱਲੋਂ ਅਸਤੀਫ਼ਾ

ਭਾਰਤ-ਅਮਰੀਕਾ ਫੌਜੀ ਸਬੰਧਾਂ ਦੀ ਜ਼ੋਰਦਾਰ ਹਮਾਇਤ ਕਰਨ ਵਾਲੇ ਅਮਰੀਕੀ ਰੱਖਿਆ ਮੰਤਰੀ ਜੇਮਜ਼ ਮੈਟਿਜ਼ ਨੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਨੀਤੀ ਵੱਖਰੇਵਿਆਂ ਦਾ ਹਵਾਲਾ ਦਿੰਦਿਆਂ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਮੈਟਿਜ਼ ਨੇ ਟਰੰਪ ਨੂੰ ਲਿਖੇ ਪੱਤਰ ਵਿੱਚ ਸਾਫ਼ ਕਰ ਦਿੱਤਾ ਕਿ ਉਹ ਉਨ੍ਹਾਂ ਦੀ ਥਾਂ ਕਿਸੇ ਸ਼ਖ਼ਸ ਦੀ ਚੋਣ ਕਰ ਲੈਣ, ਜੋ ਉਨ੍ਹਾਂ (ਟਰੰਪ) ਦੇ ਆਲਮੀ ਨਜ਼ਰੀਏ ਨਾਲ ਇਤਫਾਕ ਰੱਖਦਾ ਹੋਵੇ। ਅਧਿਕਾਰਤ ਤੌਰ ’ਤੇ ਮੈਟਿਜ਼ ਦੇ ਅਹੁਦੇ ਦੀ ਮਿਆਦ 28 ਫਰਵਰੀ 2019 ਨੂੰ ਖ਼ਤਮ ਹੋਣੀ ਹੈ। ਸ੍ਰੀ ਮੈਟਿਜ਼ ਵੱਲੋਂ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਅਮਰੀਕੀ ਸਦਰ ਨੇ ਜੰਗ ਦੇ ਝੰਬੇ ਸੀਰੀਆ ’ਚੋਂ ਅਮਰੀਕੀ ਫੌਜਾਂ ਨੂੰ ਬਾਹਰ ਕੱਢਣ ਦਾ ਐਲਾਨ ਕਰਕੇ ਪੈਂਟਾਗਨ ਨੂੰ ਵੱਡਾ ਝਟਕਾ ਦਿੱਤਾ ਹੈ। ਉਧਰ ਟਰੰਪ ਨੇ ਲੰਘੀ ਸ਼ਾਮ ਨੂੰ ਦੋ ਵੱਖੋ ਵੱਖਰੇ ਟਵੀਟ ਕਰਕੇ ਮੈਟਿਜ਼ ਦੇ ਅਸਤੀਫ਼ੇ ਦਾ ਅਧਿਕਾਰਤ ਐਲਾਨ ਕਰਦਿਆਂ ਕਿਹਾ ਕਿ ਉਹ (ਮੈਟਿਜ਼) ਫਰਵਰੀ ਦੇ ਅਖੀਰ ਤਕ ਅਹੁਦਾ ਛੱਡ ਜਾਣਗੇ। ਰਿਪੋਰਟਾਂ ਮੁਤਾਬਕ ਅਮਰੀਕੀ ਮੈਰੀਨ ਕੋਰ ਦੇ ਜਨਰਲ ਵਜੋਂ ਸੇਵਾ ਮੁਕਤ ਮੈਟਿਜ਼ (68) ਵੀਰਵਾਰ ਦੁਪਹਿਰ ਨੂੰ ਵ੍ਹਾਈਟ ਹਾਊਸ ਗਏ ਸਨ। ਅਮਰੀਕੀ ਸਦਰ ਨਾਲ ਮੈਟਿਜ਼ ਦੀ ਇਸ ਮੁਲਾਕਾਤ ਦਾ ਇਕੋ ਆਸ਼ਾ ਆਖਰੀ ਯਤਨ ਵਜੋਂ ਟਰੰਪ ਨੂੰ ਸੀਰੀਆ ਤੋਂ ਅਮਰੀਕੀ ਫੌਜਾਂ ਨੂੰ ਅਜੇ ਵਾਪਸ ਨਾ ਸੱਦਣ ਬਾਰੇ ਮਨਾਉਣਾ ਸੀ। ਪਰ ਜਦੋਂ ਅਮਰੀਕੀ ਸਦਰ ਨੇ ਮੈਟਿਜ਼ ਨੂੰ ਦੋ ਟੁੱਕ ਨਾਂਹ ਕੀਤੀ ਤਾਂ ਉਨ੍ਹਾਂ ਅਸਤੀਫ਼ਾ ਦੇਣ ਦੀ ਗੱਲ ਆਖ ਦਿੱਤੀ। ਆਪਣੇ ਇਸ ਵਿਲੱਖਣ ਅਸਤੀਫ਼ੇ ਵਿੱਚ ਮੈਟਿਜ਼ ਨੇ ਟਰੰਪ ਨੂੰ ਕਿਹਾ ਹੈ ਕਿ ‘ਉੁਨ੍ਹਾਂ ਕੋਲ ਅਜਿਹਾ ਰੱਖਿਆ ਮੰਤਰੀ ਰੱਖਣ ਦਾ ਪੂਰਾ ਅਧਿਕਾਰ ਹੈ, ਜੋ ਉਨ੍ਹਾਂ ਦੇ ਨਜ਼ਰੀਏ ਨਾਲ ਹੋਰ ਬਿਹਤਰ ਇਤਫ਼ਾਕ ਰੱਖਦਾ ਹੋਵੇ।’ ਪੈਂਟਾਗਨ ਦੀ ਤਰਜਮਾਨ ਨੇ ਕਿਹਾ ਕਿ ਮੈਟਿਜ਼ ਨੇ ਰਾਸ਼ਟਰਪਤੀ ਨੂੰ ਅਸਤੀਫ਼ਾ ਹੱਥੀਂ ਦਿੱਤਾ। ਮੈਟਿਜ਼ ਨੇ ਟਰੰਪ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਉਸ (ਰੱਖਿਆ ਮੰਤਰੀ) ਵੱਲੋਂ ਅਹੁਦੇ ਤੋਂ ਲਾਂਭੇ ਹੋਣ ਦਾ ਇਹ ਸਹੀ ਸਮਾਂ ਹੈ।

Previous articleਆਈਪੀਐੱਲ ਤੋਂ ਵਿਸ਼ਵ ਕੱਪ ਲਈ ਤਿਆਰੀ ਕਰਨੀ ਚਾਹੁੰਦਾ ਹੈ ਸਮਿੱਥ
Next articleBan of third party sales of puppies and kittens, known as ‘Lucy’s Law’, confirmed