ਅਮਰੀਕੀ ਪਾਬੰਦੀਆਂ ਤੋਂ ਚੀਨ ਔਖਾ

ਪੇਈਚਿੰਗ (ਸਮਾਜ ਵੀਕਲੀ) : ਵਿਵਾਦਤ ਦੱਖਣੀ ਚੀਨ ਸਾਗਰ ’ਚ ਚੀਨ ਵੱਲੋਂ ਫ਼ੌਜ ਵਧਾਏ ਜਾਣ ਮਗਰੋਂ ਅਧਿਕਾਰੀਆਂ ਅਤੇ ਕੰਪਨੀਆਂ ਖਿਲਾਫ਼ ਅਮਰੀਕੀ ਕਾਰਵਾਈ ਦੀ ਚੀਨ ਨੇ ਆਲੋਚਨਾ ਕਰਦਿਆਂ ਦੋਸ਼ ਲਾਇਆ ਹੈ ਕਿ ਉਸ ਨੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਉਂਜ ਚੀਨ ਨੇ ਮੋੜਵੀਂ ਕਾਰਵਾਈ ਦੇ ਕੋਈ ਸੰਕੇਤ ਨਹੀਂ ਦਿੱਤੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜਿਆਨ ਨੇ ਕਿਹਾ ਕਿ ਅਮਰੀਕੀ ਕਾਰਵਾਈ ਚੀਨ ਦੇ ਅੰਦਰੂਨੀ ਮਾਮਲਿਆਂ ’ਚ ਸਿੱਧਾ ਦਖ਼ਲ ਹੈ ਜੋ ਕਿਸੇ ਖਾਸ ਦਲੀਲ ਦਿੱਤੇ ਬਿਨਾਂ ਕੀਤੀ ਗਈ ਹੈ।

ਅਮਰੀਕਾ ਦੇ ਵਣਜ ਵਿਭਾਗ ਨੇ ਬੁੱਧਵਾਰ ਨੂੰ ਕਈ ਚੀਨੀ ਅਧਿਕਾਰੀਆਂ ਅਤੇ 24 ਕੰਪਨੀਆਂ ਖਿਲਾਫ਼ ਕਾਰਵਾਈ ਦਾ ਐਲਾਨ ਕੀਤਾ ਸੀ। ਇਹ ਕੰਪਨੀਆਂ ਹੁਣ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਅਮਰੀਕਾ ’ਚ ਬਰਾਮਦ ਨਹੀਂ ਕਰ ਸਕਣਗੀਆਂ। ਜ਼ਾਓ ਨੇ ਕਿਹਾ ਕਿ ਚੀਨ ਆਪਣੇ ਜਾਇਜ਼ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਢੁੱਕਵੇਂ ਕਦਮ ਉਠਾਏਗਾ। ਉਸ ਨੇ ਕਿਹਾ ਕਿ ਚੀਨ ਨੇ ਆਪਣੇ ਇਲਾਕੇ ’ਚ ਉਸਾਰੀ ਕੀਤੀ ਹੈ ਅਤੇ ਇਸ ਦਾ ਫ਼ੌਜ ਦੀ ਨਫ਼ਰੀ ਵਧਾਉਣ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।

Previous articleRupee at five-month high as portfolio inflows lift stock markets
Next article‘Vehicle insurance policies have to renewed on or before due date’