ਨਿਊਯਾਰਕ (ਸਮਾਜ ਵੀਕਲੀ): ਤੂਫ਼ਾਨ ‘ਇਡਾ’ ਕਾਰਨ ਅਮਰੀਕਾ ਵਿਚ ਵੱਡਾ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਨਿਊ ਜਰਸੀ ਵਿਚ ਭਾਰਤੀ ਮੂਲ ਦੇ ਦੋ ਵਿਅਕਤੀ ਲਾਪਤਾ ਹਨ। ਅਥਾਰਿਟੀ ਇਨ੍ਹਾਂ ਨੂੰ ਡਰੋਨਾਂ ਤੇ ਕਿਸ਼ਤੀਆਂ ਦੀ ਮਦਦ ਨਾਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਤੂਫ਼ਾਨ ਨਾਲ ਅਮਰੀਕਾ ਵਿਚ 40 ਤੋਂ ਵੱਧ ਲੋਕ ਮਾਰੇ ਗਏ ਹਨ। ਵੇਰਵਿਆਂ ਮੁਤਾਬਕ ਨਿਧੀ ਰਾਣਾ (18) ਤੇ ਆਯੂਸ਼ ਰਾਣਾ (21) ਨੂੰ ਆਖ਼ਰੀ ਵਾਰ ਬੁੱਧਵਾਰ ਦੇਖਿਆ ਗਿਆ ਸੀ ਜਦ ਆਯੂਸ਼ ਦੀ ਕਾਰ ਹੜ੍ਹ ਦੇ ਪਾਣੀ ਵਿਚ ਫਸ ਗਈ ਸੀ। ਭਾਲ ਵਿਚ ਲੱਗੀ ਟੀਮ ਦੋਵਾਂ ਨੂੰ ਪੈਸਿਕ ਨਦੀ ਦੇ ਨਾਲ-ਨਾਲ ਤਲਾਸ਼ ਰਹੀ ਹੈ। ਨਿਊ ਯਾਰਕ ਤੇ ਨਿਊ ਜਰਸੀ ਵਿਚ ਤੂਫਾਨ ਕਾਰਨ ਆਏ ਹੜ੍ਹ ਵਿਚ ਭਾਰਤੀ ਮੂਲ ਦੇ ਚਾਰ ਵਿਅਕਤੀ ਡੁੱਬ ਗਏ ਸਨ। ਐਡੀਸਨ ਦੇ 31 ਸਾਲਾ ਧਨੁਸ਼ ਰੈੱਡੀ ਦੀ ਪਿਛਲੇ ਹਫ਼ਤੇ ਮੌਤ ਹੋ ਗਈ ਸੀ। ਇਕ ਵਿਅਕਤੀ ਨੂੰ ਬਚਾ ਲਿਆ ਗਿਆ ਹੈ। ਨਿਊ ਜਰਸੀ ਦੀ ਇਕ ਬੇਸਮੈਂਟ ਵਿਚ ਰਹਿ ਰਿਹਾ ਨੇਪਾਲੀ ਪਰਿਵਾਰ ਵੀ ਮਾਰਿਆ ਗਿਆ ਹੈ। ਹੜ੍ਹ ਦਾ ਪਾਣੀ ਉਨ੍ਹਾਂ ਦੀ ਬੇਸਮੈਂਟ ਵਿਚ ਭਰ ਗਿਆ ਸੀ। ਹੜ੍ਹਾਂ ਨੇ ਨਿਊ ਯਾਰਕ, ਨਿਊ ਜਰਸੀ, ਪੈੱਨਸਿਲਵੇਨੀਆ ਤੇ ਕਨੈਕਟੀਕਟ ਸੂਬਿਆਂ ਨੂੰ ਪ੍ਰਭਾਵਿਤ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly