ਵਾਸ਼ਿੰਗਟਨ (ਸਮਾਜਵੀਕਲੀ) : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਹੈ ਕਿ ਭਾਰਤ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਫਿਲਪਾਈਨ ਜਿਹੇ ਮੁਲਕਾਂ ਲਈ ਚੀਨ ਤੋਂ ਵਧ ਰਹੇ ਖਤਰੇ ਦਾ ਮੁਕਾਬਲਾ ਕਰਨ ਲਈ ਅਮਰੀਕਾ ਵੱਲੋਂ ਆਪਣੇ ਸੁਰੱਖਿਆ ਬਲਾਂ ਦੀ ਵਿਸ਼ਵ ਪੱਧਰ ’ਤੇ ਤਾਇਨਾਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਕਿ ਸਹੀ ਥਾਵਾਂ ’ਤੇ ਇਸ ਦੀ ਮੌਜੂਦਗੀ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਇਹ ਗੱਲ ‘ਵਰਚੁਅਲ ਬ੍ਰੱਸਲਜ਼ ਫੋਰਮ 2020’ ਵਿੱਚ ਇੱਕ ਸੁਆਲ ਦੇ ਜੁਆਬ ’ਚ ਆਖੀ। ਉਨ੍ਹਾਂ ਕਿਹਾ,‘ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦਾ ਮੁਕਾਬਲਾ ਕਰਨ ਲਈ ਸਾਡੀ ਤਾਇਨਾਤੀ ਸਹੀ ਥਾਵਾਂ ’ਤੇ ਹੋਵੇ। ਸਾਡਾ ਮੰਨਣਾ ਹੈ ਕਿ ਇਹ ਸਾਡੇ ਸਮੇਂ ਦੀ ਚੁਣੌਤੀ ਹੈ ਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਇਸ ਨਾਲ ਨਜਿੱਠਣ ਲਈ ਸਾਧਨ ਹੋਣ। ’
ਉਨ੍ਹਾਂ ਕਿਹਾ ਕਿ ਇਹ ਸਮੀਖਿਆ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿਰਦੇਸ਼ ’ਤੇ ਕੀਤੀ ਜਾ ਰਹੀ ਹੈ, ਜਿਸ ਤਹਿਤ ਅਮਰੀਕਾ ਜਰਮਨੀ ਵਿੱਚ ਤਾਇਨਾਤ ਆਪਣੇ ਫ਼ੌਜੀਆਂ ਦੀ ਗਿਣਤੀ 52 ਹਜ਼ਾਰ ਤੋਂ ਘਟਾ ਕੇ 25 ਹਜ਼ਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਕੂਟਨੀਤਕ ਢੰਗ ਨਾਲ ਮਹੱਤਵਪੂਰਨ ਹਿੰਦ ਪ੍ਰਸ਼ਾਂਤ ਸਾਗਰ ਵਿੱਚ ਆਪਣੇ ਫ਼ੌਜੀ ਤੇ ਆਰਥਿਕ ਪ੍ਭਾਵ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ ਜਿਸ ਨਾਲ ਵੱਖ-ਵੱਖ ਦੇਸ਼ਾਂ ਤੇ ਹੋਰਾਂ ਲਈ ਚਿੰਤਾ ਪੈਦਾ ਹੋ ਰਹੀ ਹੈ।