ਅਮਰੀਕਾ ਵੱਲੋਂ ਅਫ਼ਗਾਨਿਸਤਾਨ ’ਚ ਹਵਾਈ ਹਮਲੇ

ਵਾਸ਼ਿੰਗਟਨ, (ਸਮਾਜ ਵੀਕਲੀ): ਅਮਰੀਕਾ ਨੇ ਪਿਛਲੇ ਕੁਝ ਦਿਨਾਂ ਦੌਰਾਨ ਅਫ਼ਗਾਨਿਸਤਾਨ ਵਿਚ ਹਵਾਈ ਹਮਲੇ ਕੀਤੇ ਹਨ। ਪੈਂਟਾਗਨ ਮੁਤਾਬਕ ਇਹ ਹਮਲੇ ਤਾਲਿਬਾਨ ਨਾਲ ਲੜ ਰਹੇ ਅਫ਼ਗਾਨ ਸੁਰੱਖਿਆ ਬਲਾਂ ਦੀ ਮਦਦ ਕਰਨ ਲਈ ਕੀਤੇ ਗਏ ਹਨ। ਦੱਸਣਯੋਗ ਹੈ ਕਿ ਅਮਰੀਕਾ ਦੇ ਸਭ ਤੋਂ ਸੀਨੀਅਰ ਫ਼ੌਜੀ ਅਧਿਕਾਰੀ ਇਹ ਮੰਨ ਰਹੇ ਹਨ ਕਿ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚ ‘ਰਣਨੀਤਕ ਚੜ੍ਹਤ’ ਕਾਇਮ ਕਰ ਲਈ ਹੈ। ਅਫ਼ਗਾਨਿਸਤਾਨ ਦੇ 400 ਜ਼ਿਲ੍ਹਿਆਂ (ਕਰੀਬ ਅੱਧਾ ਅਫ਼ਗਾਨਿਸਤਾਨ) ’ਚ ਤਾਲਿਬਾਨ ਦਾ ਇਸ ਵੇਲੇ ਦਬਦਬਾ ਹੈ। ਪੈਂਟਾਗਨ ਨੇ ਹਾਲਾਂਕਿ ਹਮਲਿਆਂ ਬਾਰੇ ਵਿਸਤਾਰ ਵਿਚ ਕੁਝ ਨਹੀਂ ਦੱਸਿਆ।

ਅਮਰੀਕਾ ਦੇ ਰੱਖਿਆ ਹੈੱਡਕੁਆਰਟਰ ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਮੀਡੀਆ ਨੂੰ ਦੱਸਿਆ ਕਿ ਭਵਿੱਖ ਵਿਚ ਵੀ ਉਹ ਅਫ਼ਗਾਨ ਬਲਾਂ ਦੀ ਮਦਦ ਲਈ ਹਵਾਈ ਹੱਲੇ ਜਾਰੀ ਰੱਖਣਗੇ। ਇਸ ਬਾਰੇ ਫ਼ੈਸਲਾ ਅਫ਼ਗਾਨਿਸਤਾਨ ਵਿਚ ਹਾਲੇ ਮੌਜੂਦ ਅਮਰੀਕੀ ਫ਼ੌਜਾਂ ਦੇ ਕਮਾਂਡਰ ਜਨਰਲ ਕੈਨੇਥ ‘ਫਰੈਂਕ’ ਮੈਕੈਂਜ਼ੀ ਲੈਣਗੇ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਕਰੀਬ ਦੋ ਦਹਾਕਿਆਂ ਬਾਅਦ ਆਪਣੀਆਂ ਫ਼ੌਜਾਂ ਅਫ਼ਗਾਨਿਸਤਾਨ ਵਿਚੋਂ ਕੱਢਣ ਦਾ ਫ਼ੈਸਲਾ ਲਿਆ ਹੈ ਤੇ ਕਾਫ਼ੀ ਫ਼ੌਜ ਕੱਢੀ ਵੀ ਜਾ ਚੁੱਕੀ ਹੈ। ਸੀਐਨਐਨ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਨੇ ਪਿਛਲੇ 30 ਦਿਨਾਂ ਦੌਰਾਨ ਕਰੀਬ ਛੇ ਜਾਂ ਸੱਤ ਹਵਾਈ ਹਮਲੇ ਕੀਤੇ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੀਐੱਮਸੀ ਮੈਂਬਰ ਸ਼ਾਂਤਨੂੰ ਸੈਨ ਰਾਜ ਸਭਾ ’ਚੋਂ ਮੌਨਸੂਨ ਇਜਲਾਸ ਲਈ ਮੁਅੱਤਲ
Next articleਸ਼ਾਂਤੀ ਕਾਇਮ ਕਰਨ ਲਈ ਅਸ਼ਰਫ਼ ਗ਼ਨੀ ਨੂੰ ਹਟਾਉਣਾ ਜ਼ਰੂਰੀ: ਤਾਲਿਬਾਨ