ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਨੇ ਤਿੱਬਤ ਦੇ ਮੁੱਦਿਆਂ ਲਈ ਭਾਰਤੀ ਮੂਲ ਦੀ ਕੂਟਨੀਤਕ ਅਜ਼ਰਾ ਜ਼ਿਆ ਨੂੰ ਆਪਣੇ ਵਿਸ਼ੇਸ਼ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਤਿੱਬਤ ਉਤੇ ਇਕ ਸਮਝੌਤੇ ਲਈ ਚੀਨ ਤੇ ਦਲਾਈ ਲਾਮਾ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਦਰਮਿਆਨ ‘ਠੋਸ ਗੱਲਬਾਤ’ ਨੂੰ ਅੱਗੇ ਵਧਾਉਣ ਦਾ ਕੰਮ ਸੌਂਪਿਆ ਗਿਆ ਹੈ। ਆਪਣੇ ਕੂਟਨੀਤਕ ਕਰੀਅਰ ਵਿਚ ਨਵੀਂ ਦਿੱਲੀ ’ਚ ਤਾਇਨਾਤ ਰਹਿ ਚੁੱਕੀ ਜ਼ਿਆ ਨੇ 2018 ਵਿਚ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਵਿਦੇਸ਼ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਨਾਗਰਿਕ ਸੁਰੱਖਿਆ, ਲੋਕਤੰਤਰ ਤੇ ਮਨੁੱਖੀ ਹੱਕਾਂ ਦੀ ਅੰਡਰ ਸੈਕਟਰੀ ਵੀ ਹੈ। ਤਿੱਬਤ ਦੇ ਮੁੱਦਿਆਂ ਲਈ ਅਮਰੀਕਾ ਦੀ ਵਿਸ਼ੇਸ਼ ਕੋਆਰਡੀਨੇਟਰ ਦੇ ਤੌਰ ’ਤੇ ਜ਼ਿਆ 2020 ਦੇ ਤਿੱਬਤੀ ਨੀਤੀ ਤੇ ਸਹਿਯੋਗ ਸਮਝੌਤੇ ਮੁਤਾਬਕ ਤਿੱਬਤ ਦੇ ਮਾਮਲਿਆਂ ਨਾਲ ਸਬੰਧਤ ਅਮਰੀਕੀ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ ਤੇ ਯੋਜਨਾਵਾਂ ਦਾ ਤਾਲਮੇਲ ਬਿਠਾਏਗੀ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਉਨ੍ਹਾਂ ਇਸ ਜ਼ਿੰਮੇਵਾਰੀ ਲਈ ਅਜ਼ਰਾ ਨੂੰ ਚੁਣਿਆ ਹੈ। ਉਹ ਤੁਰੰਤ ਇਹ ਅਹੁਦਾ ਸੰਭਾਲੇਗੀ। ਵਿਭਾਗ ਮੁਤਾਬਕ ‘ਉਹ ਤਿੱਬਤ ਉਤੇ ਇਕ ਸਮਝੌਤੇ ਦੇ ਸਮਰਥਨ ਵਿਚ ਚੀਨ ਸਰਕਾਰ ਤੇ ਦਲਾਈ ਲਾਮਾ, ਉਨ੍ਹਾਂ ਦੇ ਪ੍ਰਤੀਨਿਧੀਆਂ ਜਾਂ ਲੋਕਤੰਤਰਿਕ ਰੂਪ ਨਾਲ ਚੁਣੇ ਗਏ ਤਿੱਬਤੀ ਨੇਤਾਵਾਂ ਦਰਮਿਆਨ ਬਿਨਾਂ ਪੁਰਾਣੀਆਂ ਸ਼ਰਤਾਂ ਦੇ ਠੋਸ ਗੱਲਬਾਤ ਨੂੰ ਉਤਸ਼ਾਹਿਤ ਕਰੇਗੀ। ਜ਼ਿਆ ਨੇ ਇਸ ਅਹੁਦੇ ’ਤੇ ਉਨ੍ਹਾਂ ਦੇ ਨਾਂ ਦੀ ਪੁਸ਼ਟੀ ਨਾਲ ਸਬੰਧਤ ਸੁਣਵਾਈ ਦੌਰਾਨ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਦਾਦਾ ਭਾਰਤ ਵਿਚ ਸੁਤੰਤਰਤਾ ਸੈਨਾਨੀ ਸਨ। ਜ਼ਿਆ ਜਾਰਜਟਾਊਨ ਯੂਨੀਵਰਸਿਟੀ ਦੇ ਵਿਦੇਸ਼ ਸੇਵਾ ਸਕੂਲ ਦੀ ਗ੍ਰੈਜੂਏਟ ਹੈ ਤੇ ਅਰਬੀ, ਫਰੈਂਚ ਤੇ ਸਪੈਨਿਸ਼ ਭਾਸ਼ਾ ਦੀ ਮਾਹਿਰ ਹੈ। ਜ਼ਿਕਰਯੋਗ ਹੈ ਕਿ ਚੀਨ ’ਤੇ ਤਿੱਬਤ ਵਿਚ ਸਭਿਆਚਾਰਕ ਤੇ ਧਾਰਮਿਕ ਆਜ਼ਾਦੀ ਦੇ ਘਾਣ ਦਾ ਦੋਸ਼ ਹੈ। ਚੀਨ ਤੇ ਦਲਾਈ ਲਾਮਾ ਦੇ ਪ੍ਰਤੀਨਿਧੀਆਂ ਵਿਚਾਲੇ ਤਿੱਬਤ ਮੁੱਦੇ ਉਤੇ ਹਾਲ ਦੇ ਸਾਲਾਂ ਵਿਚ ਗੱਲਬਾਤ ਨਹੀਂ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly