ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇਕ ਸਿੱਖ ਕਲਰਕ ਨੂੰ ਕੌਫ਼ੀ ਦੇ ਪੈਸੇ ਮੰਗਣ ਬਦਲੇ ਨਫ਼ਰਤੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਜੌਹਨ ਕਰੈਨ ਨਾਂ ਦੇ ਸ਼ਖ਼ਸ ਨੇ ਸਿੱਖ ਕਲਰਕ ਨੂੰ ਪਹਿਲਾਂ ਘਸੁੰਨ ਮਾਰੇ ਤੇ ਮਗਰੋਂ ਗਰਮ ਕੌਫ਼ੀ ਉਸ ਉਪਰ ਸੁੱਟ ਦਿੱਤੀ। ਪੁਲੀਸ ਨੇ ਕਰੈਨ ਨੂੰ ਨਫ਼ਰਤੀ ਹਮਲੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਰਿਪੋਰਟ ’ਚ ਹਾਲਾਂਕਿ ਸਿੱਖ ਦੀ ਪਛਾਣ ਨਹੀਂ ਦੱਸੀ ਗਈ। ਸੈਕਰਾਮੈਂਟੋ ਬੀ ਦੀ ਰਿਪੋਰਟ ਮੁਤਾਬਕ ਇਹ ਘਟਨਾ ਬੁੱਧਵਾਰ ਦੀ ਹੈ ਤੇ ਮੈਰਿਸਵਿਲੇ ਵਿੱਚ ਵਾਪਰੀ। ਮੈਰਿਸਵਿਲੇ ਪੁਲੀਸ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਸਿੱਖ ਕਲਰਕ ਨੇ ਦੱਸਿਆ ਕਿ ਕਰੇਨ ਨੇ ਕੌਫ਼ੀ ਦਾ ਆਰਡਰ ਦਿੱਤਾ ਸੀ ਤੇ ਮਗਰੋਂ ਉਸ ਨੇ ਬਿਨਾਂ ਅਦਾਇਗੀ ਕੀਤਿਆਂ ਜਾਣ ਦੀ ਕੋਸ਼ਿਸ਼ ਕੀਤੀ। ਸੀਸੀਟੀਵੀ ਫੁਟੇਜ ਵਿੱਚ ਸਿੱਖ ਕਲਰਕ ਹਮਲੇ ਤੋਂ ਪਹਿਲਾਂ ਰੇਸਤਰਾਂ ਦੇ ਮੂਹਰਲੇ ਦਰਵਾਜ਼ੇ ’ਤੇ ਕਰੇਨ ਨਾਲ ਬਹਿਸ ਕਰਦਾ ਵਿਖਾਈ ਦੇ ਰਿਹਾ ਹੈ। ਪੁਲੀਸ ਮੁਤਾਬਕ ਗਰਮ ਕੌਫ਼ੀ ਸੁੱਟੇ ਜਾਣ ਤੇ ਘਸੁੰਨ ਮੁੱਕੀ ਕਰਕੇ ਪੀੜਤ ਦੇ ਸਰੀਰ ਤੇ ਮੂੰਹ ’ਤੇ ਸੱਟਾਂ ਦੇ ਨਿਸ਼ਾਨ ਹਨ। ਇਸ ਦੌਰਾਨ ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਉਹ ‘ਮੁਸਲਮਾਨਾਂ ਨੂੰ ਨਫ਼ਰਤ’ ਕਰਦਾ ਹੈ ਤੇ ਉਸ ਨੇ ਸਿੱਖ ਕਲਰਕ ’ਤੇ ਇਸੇ ਭੁਲੇਖੇ ’ਚ ਹਮਲਾ ਕੀਤਾ ਸੀ। ਇਸ ਦੌਰਾਨ ਸਿੱਖ ਭਾਈਚਾਰੇ ਨੇ ਹਮਲੇ ਦੀ ਨਿਖੇਧੀ ਕੀਤੀ ਹੈ।
World ਅਮਰੀਕਾ ਵਿੱਚ ਸਿੱਖ ਉੱਤੇ ਨਫ਼ਰਤੀ ਹਮਲਾ