ਅੰਮ੍ਰਿਤਸਰ (ਸਮਾਜਵੀਕਲੀ) : ਅਮਰੀਕਾ ਵਸਦੇ ਸਿੱਖਾਂ ਦੀ ਜਥੇਬੰਦੀ ‘ਸਿੱਖ ਕੋਆਰਡੀਨੇਸ਼ਨ ਕਮੇਟੀ’ ਨੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜਨਮ ਦਿਨ ਮੌਕੇ ਉੱਥੇ ਲੋੜੀਂਦੀਆਂ ਵਸਤਾਂ ਦਾ ਲੰਗਰ ਲਾਇਆ। ਇਸ ਤੋਂ ਇਲਾਵਾ ਜਥੇਦਾਰ ਹਵਾਰਾ ਦੇ ਜਨਮ ਦਿਨ ਦੀ ਖੁਸ਼ੀ ਵਿਚ ਕੇਕ ਵੀ ਕੱਟਿਆ ਗਿਆ।
ਜਥੇਬੰਦੀ ਅਨੁਸਾਰ ਅਮਰੀਕਾ ਵਿਚ ਕਰੋਨਾ ਦਾ ਕਹਿਰ ਅਜੇ ਵੀ ਨਿਰੰਤਰ ਜਾਰੀ ਹੈ। ਤਾਲਾਬੰਦੀ ਕਾਰਨ ਲੋਕਾਂ ਦੇ ਰੁਜ਼ਗਾਰ ਤੇ ਕੰਮਕਾਜ ਪ੍ਰਭਾਵਿਤ ਹੋਏ ਹਨ। ਪਿਛਲੇ ਦੋ ਮਹੀਨੇ ਤੋਂ ਕੰਮ ਬੰਦ ਹੋਣ ਕਾਰਨ ਲੋਕ ਮੁਸ਼ਕਲ ਵਿਚ ਹਨ। ਇਸ ਮੁਸ਼ਕਲ ਦੀ ਘੜੀ ਵਿਚ ਲੋਕਾਂ ਦੀਆਂ ਲੋੜਾਂ ਨੂੰ ਮਹਿਸੂਸ ਕਰਦਿਆਂ ਜਥੇਬੰਦੀ ਵੱਲੋਂ ਜਗਤਾਰ ਸਿੰਘ ਹਵਾਰਾ ਦੇ ਜਨਮ ਦਿਨ ਮੌਕੇ ਰਸੋਈ ਦਾ ਸਾਮਾਨ ਵੰਡਿਆ ਗਿਆ ਹੈ।
ਲੰਗਰ ਵਾਲੀ ਥਾਂ ’ਤੇ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਜਥੇਦਾਰ ਹਵਾਰਾ ਦੇ ਬੈਨਰ ਲਾਏ ਗਏ ਸਨ। ਇਸ ਮੌਕੇ ਕੇਕ ਕੱਟਿਆ ਗਿਆ ਅਤੇ ਖਾਲਿਸਤਾਨ ਪੱਖੀ ਨਾਅਰੇ ਵੀ ਲਾਏ ਗਏ। ਇਸ ਮੌਕੇ ਸਿੱਖ ਕੋਆਰਡੀਨੇਸ਼ਨ ਈਸਟ ਕੋਸਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਆਗੂਆਂ ਨੇ ਸੇਵਾ ਕੀਤੀ।