ਅਮਰੀਕਾ ’ਚ ਕਰੋਨਾਵਾਇਰਸ ਤੋਂ ਪੀੜਤ 10 ਹਜ਼ਾਰ ਹੋਰ ਵਿਅਕਤੀ ਸਾਹਮਣੇ ਆਏ ਹਨ ਜਦਕਿ ਇਕ ਦਿਨ ’ਚ 150 ਵਿਅਕਤੀ ਮਾਰੇ ਗਏ ਹਨ। ਲਾਸ ਏਂਜਲਸ ਨੇੜੇ ਲੈਨਕਾਸਟਰ ’ਚ ਨਾਬਾਲਗ ਦੀ ਮੌਤ ਹੋ ਗਈ ਹੈ। ਲਾਸ ਏਂਜਲਸ ਦੇ ਮੇਅਰ ਐਰਿਕ ਗਾਰਸੇਟੀ ਨੇ ਕਿਹਾ ਕਿ ਨਾਬਾਲਿਗ ਤੰਦਰੁਸਤ ਸੀ ਪਰ ਫਿਰ ਵੀ ਉਹ ਕਰੋਨਾਵਾਇਰਸ ਦਾ ਸ਼ਿਕਾਰ ਬਣ ਗਿਆ। ਇਸ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸ ਜਤਾਈ ਕਿ ਮੁਲਕ 12 ਅਪਰੈਲ ਨੂੰ ਈਸਟਰ ਤਕ ਮੁੜ ਤੋਂ ਖੁਲ੍ਹ ਜਾਵੇਗਾ।
ਹੁਣ ਜਦੋਂ ਲੱਖਾਂ ਅਮਰੀਕੀ ਘਰਾਂ ਅੰਦਰ ਬੰਦ ਹਨ ਤੇ ਹਥਿਆਰਬੰਦ ਬਲਾਂ ਨੂੰ ਨਿਊਯਾਰਕ ਵਰਗੇ ਕਈ ਸੂਬਿਆਂ ’ਚ ਪ੍ਰਸ਼ਾਸਨ ਦੀ ਮਦਦ ਲਈ ਤਾਇਨਾਤ ਕੀਤਾ ਗਿਆ ਹੈ। ਨਿਊਯਾਰਕ ’ਚ ਮੰਗਲਵਾਰ ਨੂੰ 53 ਮੌਤਾਂ ਹੋਈਆਂ ਜਦੋਂ ਕਿ ਕਰੋਨਾਵਾਇਰਸ ਦੇ ਕਰੀਬ 5 ਹਜ਼ਾਰ ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਨਿਊਯਾਰਕ ’ਚ 210 ਮੌਤਾਂ ਹੋ ਚੁੱਕੀਆਂ ਹਨ। ਕੋਵਿਡ-19 ਕੇਸਾਂ ਦੇ ਅੰਕੜੇ ਸੰਭਾਲਣ ਵਾਲੀ ਵੈੱਬਸਾਈਟ ਵਰਲਡਓਮੀਟਰ ਮੁਤਾਬਕ ਅਮਰੀਕਾ ’ਚ ਕੁੱਲ 54 ਹਜ਼ਾਰ ਵਿਅਕਤੀ ਕਰੋਨਾਵਾਇਰਸ ਤੋਂ ਪੀੜਤ ਹਨ ਜਦਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ 700 ਹੋ ਗਈ ਹੈ। ਨਿਊਯਾਰਕ ਤੋਂ ਇਲਾਵਾ ਨਿਊਜਰਸੀ, ਕੈਲੀਫੋਰਨੀਆ, ਮਿਸ਼ੀਗਨ, ਇਲੀਨੌਇ ਅਤੇ ਫਲੋਰਿਡਾ ’ਚ ਕਰੋਨਾਵਾਇਰਸ ਦੇ ਸਭ ਤੋਂ ਵੱਧ ਪੀੜਤ ਹਨ। ਉਂਜ ਵਾਸ਼ਿੰਗਟਨ ’ਚ ਕੋਈ ਨਵਾਂ ਕੇਸ ਜਾਂ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਆਸ ਜਤਾਈ ਕਿ 12 ਅਪਰੈਲ ਨੂੰ ਈਸਟਰ ਤਕ (ਕਰੀਬ ਤਿੰਨ ਹਫ਼ਤਿਆਂ ਅੰਦਰ) ਹਾਲਾਤ ਆਮ ਵਾਂਗ ਹੋ ਜਾਣਗੇ ਅਤੇ ਲੋਕ ਕੰਮਾਂ-ਕਾਰਾਂ ਨੂੰ ਪਰਤ ਆਉਣਗੇ। ਕੌਮੀ ਅਲਰਜੀ ਇੰਸਟੀਚਿਊਟ ਦੇ ਡਾਇਰੈਕਟਰ ਡਾਕਟਰ ਐਂਥੋਨੀ ਫੌਕੀ ਨੇ ਚਿਤਾਵਨੀ ਦਿੱਤੀ ਕਿ ਸੰਕਟ ਦੇ ਹੱਲ ਲਈ ਕੋਈ ਸਮਾਂ ਹੱਦ ਤੈਅ ਕਰਨਾ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਅਤੇ ਹਫ਼ਤੇ ਦੇ ਆਧਾਰ ’ਤੇ ਹਾਲਾਤ ਦਾ ਜਾਇਜ਼ਾ ਲੈ ਕੇ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਣੀ ਚਾਹੀਦੀ ਹੈ। ਨਿਊਯਾਰਕ ’ਚ ਕਰੋਨਾਵਾਇਰਸ ਦੇ ਪੀੜਤਾਂ ਦੀ ਵਧ ਰਹੀ ਗਿਣਤੀ ’ਤੇ ਫਿਕਰ ਜਤਾਉਂਦਿਆਂ ਅਮਰੀਕੀ ਕਰੋਨਾਵਾਇਰਸ ਟਾਸਕ ਫੋਰਸ ਨੇ ਸ਼ਹਿਰ ਛੱਡ ਕੇ ਜਾਣ ਵਾਲੇ ਸਾਰੇ ਵਿਅਕਤੀਆਂ ਨੂੰ ਕਿਹਾ ਹੈ ਕਿ ਉਹ ਖੁਦ ਨੂੰ ਇਕਾਂਤਵਾਸ ’ਚ ਰੱਖਣ ਤਾਂ ਜੋ ਇਹ ਮਰਜ਼ ਹੋਰ ਨਾ ਫੈਲੇ। ਉਧਰ ‘ਨਿਊਯਾਰਕ ਟਾਈਮਜ਼’ ਨੇ ਸੰਪਾਦਕੀ ਪ੍ਰਕਾਸ਼ਿਤ ਕਰਕੇ ਮੰਗ ਕੀਤੀ ਹੈ ਕਿ ਭਾਰਤ ਦੀ ਤਰਜ਼ ’ਤੇ ਅਮਰੀਕਾ ਨੂੰ ਵੀ ਪੂਰੀ ਤਰ੍ਹਾਂ ਨਾਲ ਲੌਕਡਾਊਨ ਕੀਤਾ ਜਾਵੇ। ਦੇਸ਼ ’ਚ ਪੈਦਾ ਹੋਏ ਮੁਸ਼ਕਲ ਹਾਲਾਤ ਵਿਚਕਾਰ ਹਥਿਆਰਾਂ ਦੀ ਵਿਕਰੀ ਵਧ ਗਈ ਹੈ।
HOME ਅਮਰੀਕਾ ਵਿਚ ਇਕੋ ਦਿਨ ’ਚ 150 ਮੌਤਾਂ