ਨਿਊ ਯਾਰਕ (ਸਮਾਜ ਵੀਕਲੀ): ਨਵਜੰਮੇ ਬੱਚੇ ਨੂੰ ਗੁਸਲਖਾਨੇ ਦੀ ਤਾਕੀ ਵਿਚੋਂ ਬਾਹਰ ਸੁੱਟਣ ’ਤੇ ਅਮਰੀਕਾ ਵਿਚ ਭਾਰਤੀ ਮੂਲ ਦੀ 23 ਸਾਲਾ ਔਰਤ ’ਤੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਸਬਿਤਾ ਡੁਕਰਾਮ ਨਿਊ ਯਾਰਕ ਦੇ ਕੁਈਨਜ਼ ਵਿਚ ਰਹਿੰਦੀ ਹੈ। ਸ਼ਨਿਚਰਵਾਰ ਨੂੰ ਜਦ ਉਹ ਨਹਾ ਰਹੀ ਸੀ ਤਾਂ ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਉਹ ਸਹਿਮ ਗਈ ਤੇ ਬੱਚੇ ਨੂੰ ਤਾਕੀ ਵਿਚੋਂ ਬਾਹਰ ਗਲੀ ’ਚ ਸੁੱਟ ਦਿੱਤਾ।
‘ਨਿਊ ਯਾਰਕ ਪੋਸਟ’ ਦੀ ਰਿਪੋਰਟ ਮੁਤਾਬਕ ਇਸ ਤੋਂ ਬਾਅਦ ਉਹ ਕਿਸੇ ਨੂੰ ਦੱਸਣ ਦੀ ਬਜਾਏ ਨਹਾ ਕੇ ਸੌਂ ਗਈ। ਜਾਂਚਕਰਤਾਵਾਂ ਨੂੰ ਉਸ ਨੇ ਦੱਸਿਆ ‘ਬੱਚਾ ਪਤਾ ਨਹੀਂ ਕਿੱਥੋਂ ਆ ਗਿਆ। ਮੈਨੂੰ ਪਤਾ ਨਹੀਂ ਲੱਗਾ ਕਿ ਕੀ ਕਰਾਂ। ਮੈਨੂੰ ਮੁਆਫ਼ ਕਰ ਦਿਓ ਮੈਂ ਡਰ ਗਈ ਸੀ ਤੇ ਬੱਚੇ ਨੂੰ ਬਾਹਰ ਸੁੱਟ ਦਿੱਤਾ। ਇਸ ਤੋਂ ਬਾਅਦ ਮੈਂ ਬੱਚੇ ਵੱਲ ਧਿਆਨ ਨਹੀਂ ਦਿੱਤਾ ਤੇ ਲਾਂਡਰੀ ਵਿਚ ਕੱਪੜੇ ਪਾ ਕੇ ਨਹਾ ਕੇ ਸੌਂ ਗਈ।’ ਸਬਿਤਾ ਨੇ ਕਿਹਾ ਕਿ ਬੱਚੇ ਨਾਲ ਜੁੜਿਆ ਨਾੜੂ ਉਸ ਨੇ ਕੈਂਚੀ ਨਾਲ ਕੱਟ ਦਿੱਤਾ। ਬੱਚਾ ਡਿਗ ਕੇ ਤਾਂ ਬਚ ਗਿਆ ਪਰ ਉਸ ਦੇ ਗੰਭੀਰ ਸੱਟਾਂ ਲੱਗੀਆਂ ਹਨ। ਗੁਆਂਢੀਆਂ ਨੇ ਰੋਣਾ ਸੁਣ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਤੇ ਪੁਲੀਸ ਨੂੰ ਸੂਚਿਤ ਕੀਤਾ। ਬੱਚਾ ਹੁਣ ਵੈਂਟੀਲੇਟਰ ਉਤੇ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਸਬਿਤਾ ਆਪਣੇ ਘਿਣਾਉਣੇ ਅਪਰਾਧ ਨੂੰ ਲੁਕਾਉਣ ਲਈ ‘ਕਈ ਝੂਠੇ ਬਿਆਨ’ ਦੇ ਰਹੀ ਹੈ।