ਤਹਿਰਾਨ (ਸਮਾਜ ਵੀਕਲੀ) : ਇਰਾਨ ਦੇ ਚੋਟੀ ਦੇ ਆਗੂ ਨੇ ਅੱਜ ਅਮਰੀਕਾ ਨੂੰ ਬੇਨਤੀ ਕੀਤੀ ਹੈ ਕਿ ਜੇ ਉਹ ਚਾਹੁੰਦੇ ਹਨ ਕਿ ਇਰਾਨ ਪਰਮਾਣੂ ਸਮਝੌਤੇ ਦੀ ਵਚਨਬੱਧਤਾ ਪੂਰੀ ਕਰੇ ਤਾਂ ਮੁਲਕ ’ਤੇ ਲਾਈਆਂ ਪਾਬੰਦੀਆਂ ਹਟਾ ਲਈਆਂ ਜਾਣ। ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਇਰਾਨ ਦੀ ਇਸ ਮੁੱਦੇ ’ਤੇ ਇਹ ਪਹਿਲੀ ਟਿੱਪਣੀ ਹੈ। ਆਇਤੁੱਲ੍ਹਾ ਅਲੀ ਖ਼ਮੇਨੀ ਨੇ ਕਿਹਾ ਕਿ ਪਹਿਲਾਂ ਅਮਰੀਕਾ ਸਾਰੀਆਂ ਪਾਬੰਦੀਆਂ ਹਟਾਏ।
ਇਸ ਤੋਂ ਬਾਅਦ ਇਰਾਨ ਇਨ੍ਹਾਂ ਦੀ ਪੁਸ਼ਟੀ ਕਰ ਕੇ ਪਰਮਾਣੂ ਸਮਝੌਤੇ ਨਾਲ ਜੁੜੀ ਵਚਨਬੱਧਤਾ ਪੂਰੀ ਕਰੇਗਾ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨਾਲ 2018 ਵਿਚ ਕੀਤਾ ਪਰਮਾਣੂ ਸਮਝੌਤਾ ਇਕਪਾਸੜ ਢੰਗ ਨਾਲ ਤੋੜ ਲਿਆ ਸੀ। ਸਮਝੌਤੇ ਤਹਿਤ ਇਰਾਨ ਨੇ ਇਕ ਸੀਮਾ ਤੱਕ ਯੂਰੇਨੀਅਮ ਸੋਧਣ ਦੀ ਸਹਿਮਤੀ ਦਿੱਤੀ ਹੋਈ ਸੀ ਤੇ ਬਦਲੇ ਵਿਚ ਆਰਥਿਕ ਪਾਬੰਦੀਆਂ ਹਟਾਈਆਂ ਗਈਆਂ ਸਨ।