ਅਮਰੀਕਾ ਨੇ ਇਰਾਨ ’ਤੇ ਸਖ਼ਤ ਪਾਬੰਦੀਆਂ ਲਾਈਆਂ

ਅਮਰੀਕਾ ਨੇ ਇਰਾਨ ਖ਼ਿਲਾਫ਼ ਹੁਣ ਤਕ ਦੀਆਂ ਸਭ ਤੋਂ ਸਖਤ ਪਾਬੰਦੀਆਂ ਲਾਗੂ ਕੀਤੀਆਂ ਹਨ। ਉਧਰ ਟਰੰਪ ਪ੍ਰਸ਼ਾਸਨ ਨੇ ਭਾਰਤ ਅਤੇ ਚੀਨ ਵੱਲੋਂ ਤਹਿਰਾਨ ਤੋਂ ਤੇਲ ਦੀ ਖ਼ਰੀਦਦਾਰੀ ਨੂੰ ਹਰੀ ਝੰਡੀ ਦੇ ਦਿਤੀ ਹੈ। ਅਮਰੀਕਾ ਨੇ ਇਰਾਨ ਦੇ ਬੈਂਕਿੰਗ ਅਤੇ ਊਰਜਾ ਖੇਤਰਾਂ ’ਤੇ ਪਾਬੰਦੀਆਂ ਆਇਦ ਕੀਤੀਆਂ ਹਨ। ਯੂਰੋਪ ਅਤੇ ਏਸ਼ੀਆ ਦੇ ਜਿਹੜੇ ਮੁਲਕ ਅਤੇ ਕੰਪਨੀਆਂ ਇਰਾਨ ਤੋਂ ਤੇਲ ਦੀ ਦਰਾਮਦ ਨਹੀਂ ਰੋਕਣਗੇ, ਉਨ੍ਹਾਂ ’ਤੇ ਜੁਰਮਾਨਾ ਠੋਕਿਆ ਜਾਵੇਗਾ। ਪਾਬੰਦੀਆਂ ਲਾਗੂ ਹੋਣ ਮਗਰੋਂ ਸਵਿਫਟ ਬੈਂਕਿੰਗ ਨੈੱਟਵਰਕ ਨੇ ਇਰਾਨ ਦੇ ਕਈ ਬੈਂਕਾਂ ਨੂੰ ਆਪਣੀਆਂ ਸੇਵਾਵਾਂ ਦੇਣੀਆਂ ਬੰਦ ਕਰ ਦਿੱਤੀਆਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨਾਲ ਹੋਏ 2015 ਦੇ ਪਰਮਾਣੂ ਸਮਝੌਤੇ ਨੂੰ ਮਈ ’ਚ ਰੱਦ ਕਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਇਰਾਨ ਪਰਮਾਣੂ ਮਸਲੇ ’ਤੇ ਅਮਰੀਕਾ ਨਾਲ ਮੁੜ ਤੋਂ ਗੱਲਬਾਤ ਆਰੰਭੇ। ਟਰੰਪ ਪ੍ਰਸ਼ਾਸਨ ਮੁਤਾਬਕ ਉਹ ਤਹਿਰਾਨ ਵੱਲੋਂ ਸਾਈਬਰ ਹਮਲਿਆਂ, ਬੈਲਿਸਟਿਕ ਮਿਜ਼ਾਈਲ ਪ੍ਰੀਖਣਾਂ ਅਤੇ ਮੱਧ ਪੂਰਬ ’ਚ ਦਹਿਸ਼ਤੀ ਗੁੱਟਾਂ ਦੀ ਹਮਾਇਤ ਨੂੰ ਵੀ ਰੋਕਣਾ ਚਾਹੁੰਦਾ ਹੈ। ਇਰਾਨ ਤੋਂ ਵੱਡੇ ਪੱਧਰ ’ਤੇ ਕੱਚਾ ਤੇਲ ਖ਼ਰੀਦਣ ਵਾਲੇ ਭਾਰਤ ਅਤੇ ਚੀਨ ਨੂੰ ਪਾਬੰਦੀਆਂ ਤੋਂ ਰਾਹਤ ਮਿਲ ਗਈ ਹੈ। ਏਸ਼ੀਆ ਦੇ ਦੋ ਵੱਡੇ ਮੁਲਕ ਉਨ੍ਹਾਂ ਅੱਠ ਮੁਲਕਾਂ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਇਰਾਨ ’ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਆਰਜ਼ੀ ਤੌਰ ’ਤੇ ਰਾਹਤ ਦਿੱਤੀ ਗਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਇਰਾਨ ਤੋਂ ਤੇਲ ਦੀ ਦਰਾਮਦ ਲਈ ਛੋਟ ਮਿਲਣ ਵਾਲੇ ਮੁਲਕਾਂ ਦਾ ਖੁਲਾਸਾ ਕੀਤਾ ਹੈ।

Previous articleਪਟਾਕਿਆਂ ਦੇ ਗੋਦਾਮਾਂ ’ਤੇ ਛਾਪੇ
Next articleਇਰਾਨ ਪਾਬੰਦੀਆਂ ਦਾ ਡੱਟ ਕੇ ਟਾਕਰਾ ਕਰੇਗਾ: ਰੂਹਾਨੀ