ਅਮਰੀਕਾ ’ਚ ਵੱਖਰੀ ਕੌਮ ਵਜੋਂ ਹੋਵੇਗੀ ਸਿੱਖਾਂ ਦੀ ਗਿਣਤੀ

ਮਰਦਮਸ਼ੁਮਾਰੀ ’ਚ ਪਹਿਲੀ ਵਾਰ ਸਿੱਖਾਂ ਲਈ ਵੱਖਰਾ ਕਾਲਮ ਬਣਾਇਆ

ਵਾਸ਼ਿੰਗਟਨ- ਅਮਰੀਕਾ ’ਚ ਇਸ ਸਾਲ ਹੋ ਰਹੀ ਮਰਦਮਸ਼ੁਮਾਰੀ ’ਚ ਪਹਿਲੀ ਵਾਰ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦਿੰਦਿਆਂ ਉਨ੍ਹਾਂ ਦੀ ਗਿਣਤੀ ਕੀਤੀ ਜਾਵੇਗੀ। ਘੱਟ ਗਿਣਤੀ ਭਾਈਚਾਰੇ ਨਾਲ ਜੁੜੀ ਜਥੇਬੰਦੀ ਨੇ ਮੰਗਲਵਾਰ ਨੂੰ ਇਸ ਫ਼ੈਸਲੇ ਨੂੰ ਇਤਿਹਾਸਕ ਪਲ ਕਰਾਰ ਦਿੱਤਾ। ਸਾਂ ਡਿਏਗੋ ਦੀ ਸਿੱਖ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਕੋਸ਼ਿਸ਼ਾਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ,‘‘ਇਸ ਨਾਲ ਸਿੱਖਾਂ ਲਈ ਹੀ ਨਹੀਂ ਸਗੋਂ ਅਮਰੀਕਾ ’ਚ ਰਹਿੰਦੇ ਹੋਰ ਭਾਈਚਾਰਿਆਂ ਦੇ ਲੋਕਾਂ ਲਈ ਵੀ ਰਾਹ ਪੱਧਰਾ ਹੋਇਆ ਹੈ।’’
ਯੂਨਾਈਟਿਡ ਸਿੱਖਸ ਨੇ ਇਸ ਕਦਮ ਨੂੰ ਮੀਲ ਪੱਥਰ ਕਰਾਰ ਦਿੰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਘੱਟ ਗਿਣਤੀ ਭਾਈਚਾਰੇ ਦੀ ਅਮਰੀਕੀ ਮਰਦਮਸ਼ੁਮਾਰੀ ’ਚ ਗਿਣਤੀ ਹੋਵੇਗੀ। ਯੂਨਾਈਟਿਡ ਸਿੱਖਸ ਦੇ ਵਫ਼ਦ ਨੇ ਪਿਛਲੇ ਕੁਝ ਸਮੇਂ ’ਚ ਅਮਰੀਕੀ ਮਰਦਮਸ਼ੁਮਾਰੀ ਵਿਭਾਗ ਨਾਲ ਕਈ ਮੀਟਿੰਗਾਂ ਕਰਕੇ ਸਿੱਖਾਂ ਦੀ ਵੱਖਰੀ ਕੌਮ ਵਜੋਂ ਗਿਣਤੀ ਕਰਨ ਦੀ ਮੰਗ ਉਠਾਈ ਸੀ। ਉਨ੍ਹਾਂ ਸਾਂ ਡਿਏਗੋ ’ਚ 6 ਜਨਵਰੀ ਨੂੰ ਵੀ ਬੈਠਕ ਕੀਤੀ ਸੀ।
ਅਮਰੀਕੀ ਮਰਦਮਸ਼ੁਮਾਰੀ ਦੇ ਡਿਪਟੀ ਡਾਇਰੈਕਟਰ ਰੋਨ ਜਾਰਮਿਨ ਨੇ ਕਿਹਾ,‘‘ਇਹ ਸਪੱਸ਼ਟ ਹੈ ਕਿ ਅਮਰੀਕਾ ’ਚ ਸਿੱਖਾਂ ਦੀ ਸਹੀ ਗਿਣਤੀ ਲਈ ਵੱਖਰੇ ਕੋਡ ਦੀ ਲੋੜ ਹੈ ਜਿਸ ਨਾਲ ਉਨ੍ਹਾਂ ਦੀ ਨਿਵੇਕਲੀ ਪਛਾਣ ਨੂੰ ਮਾਨਤਾ ਮਿਲ ਜਾਵੇਗੀ।’’ ਮਰਦਮਸ਼ੁਮਾਰੀ ਬਿਊਰੋ ਅਤੇ ਮੈਨੇਜਮੈਂਟ ਬਜਟ ਦੇ ਦਫ਼ਤਰ ਦੀ ਸ਼ਗੁਫ਼ਤਾ ਅਹਿਮਦ ਨੇ ਕਿਹਾ ਕਿ ਯੂਨਾਈਟਿਡ ਸਿੱਖਸ ਨਾਲ ਮੀਟਿੰਗਾਂ ਤੋਂ ਪਤਾ ਲੱਗਿਆ ਕਿ ਇਸ ਕਦਮ ਦੀ ਸਿੱਖ ਭਾਈਚਾਰੇ ਲਈ ਕਿੰਨੀ ਅਹਿਮੀਅਤ ਹੈ। ਯੂਨਾਈਟਿਡ ਸਿੱਖਸ ਮੁਤਾਬਕ ਮੌਜੂਦਾ ਸਮੇਂ ’ਚ ਅਮਰੀਕਾ ’ਚ 10 ਲੱਖ ਸਿੱਖ ਰਹਿ ਰਹੇ ਹਨ।
ਯੂਨਾਈਟਿਡ ਸਿੱਖਸ ਦੇ ਮਰਦਮਸ਼ੁਮਾਰੀ ਮੈਨੇਜਰ ਰੁਬੇਨ ਸਿੰਘ ਨੇ ਕਿਹਾ ਕਿ ਉਹ ਹੋਰ ਸਿੱਖ ਜਥੇਬੰਦੀਆਂ ਨਾਲ ਮਿਲ ਕੇ 2020 ਦੀ ਮਰਦਮਸ਼ੁਮਾਰੀ ਦੌਰਾਨ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਧਰ ਸਿੱਖ ਕੁਲੀਸ਼ਨ ਨੇ ਵੀ ਤਿਆਰੀ ਖਿੱਚ ਲਈ ਹੈ। ਜਥੇਬੰਦੀ ਦੀ ਕਾਰਜਕਾਰੀ ਡਾਇਰੈਕਟਰ ਸਤਜੀਤ ਕੌਰ ਨੇ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਸਾਰੇ ਸਿੱਖ ਪਰਿਵਾਰਾਂ ਦੀ ਸਹੀ ਢੰਗ ਨਾਲ ਗਿਣਤੀ ਹੋਵੇ।

Previous articlePragya flies kite to back key BJP issues on Makar Sankranti
Next articleMore than Rs 6 cr cash seized ahead of Delhi polls