ਐੱਫਬੀਆਈ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 2017 ਦੌਰਾਨ ਅਮਰੀਕਾ ’ਚ ਨਸਲੀ ਨਫਰਤ ਨਾਲ ਸਬੰਧਤ ਅਪਰਾਧ ਦੀਆਂ 8400 ਤੋਂ ਵੱਧ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ’ਚ 24 ਘਟਨਾਵਾਂ ਸਿੱਖਾਂ ਨਾਲ ਸਬੰਧਤ ਹਨ। ਐੱਫਬੀਆਈ ਨੇ ਇਹ ਰਿਪੋਰਟ ਅੱਜ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ ਸਾਲ 2017 ਦੌਰਾਨ ਅਮਰੀਕਾ ’ਚ ਨਸਲੀ ਨਫਰਤ ਨਾਲ ਸਬੰਧਤ ਅਪਰਾਧ ਦੀਆਂ 8437 ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ’ਚੋਂ 24 ਸਿੱਖਾਂ ਨਾਲ, 15 ਹਿੰਦੂਆਂ ਨਾਲ ਤੇ 300 ਤੋਂ ਵੱਧ ਘਟਨਾਵਾਂ ਮੁਸਲਮਾਨਾਂ ਨਾਲ ਵਾਪਰੀਆਂ ਹਨ। ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਸੰਸਥਾ ‘ਸਿੱਖ ਕੋਲੀਸ਼ਨ’ ਨੇ ਦੱਸਿਆ ਕਿ 2017 ਦੌਰਾਨ ਉਨ੍ਹਾਂ ਕੋਲ ਸਿੱਖਾਂ ਨਾਲ ਵਾਪਰੀਆਂ ਨਸਲੀ ਨਫਰਤ ਦੀਆਂ ਘਟਨਾਵਾਂ ਸਬੰਧੀ 12 ਸ਼ਿਕਾਇਤਾਂ ਮਿਲੀਆਂ ਜਦਕਿ ਕੌਮੀ ਪੱਧਰ ’ਤੇ ਜਾਂਚ ਕਰਨ ’ਤੇ ਇਨ੍ਹਾਂ ਸ਼ਿਕਾਇਤਾਂ ਦੀ ਗਿਣਤੀ 24 ਪਹੁੰਚ ਗਈ। ਸਿੱਖ ਕੋਲੀਸ਼ਨ ਦੇ ਅਧਿਕਾਰੀ ਸਿਮ ਸਿੰਘ ਨੇ ਦੱਸਿਆ ਕਿ ਅਜਿਹੀਆਂ ਹੋਰ ਵੀ ਕਈ ਘਟਨਾਵਾਂ ਹੋ ਸਕਦੀਆਂ ਹਨ ਜਿਨ੍ਹਾਂ ਵੀ ਸ਼ਿਕਾਇਤ ਨਹੀਂ ਕੀਤੀ ਗਈ, ਪਰ ਇਹ ਰਿਪੋਰਟ ਵੀ ਇਹ ਸਾਬਤ ਕਰਨ ਲਈ ਕਾਫੀ ਹੈ ਕਿ ਅਮਰੀਕਾ ’ਚ ਨਸਲੀ ਅਪਰਾਧਾਂ ’ਚ ਵਾਧਾ ਹੋਇਆ ਹੈ ਤੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਨੂੰ ਖਤਰਾ ਵਧ ਰਿਹਾ ਹੈ। ਰਿਪੋਰਟ ਅਨੁਸਾਰ ਨਸਲੀ ਹਿੰਸਾ ਦੀਆਂ ਸਭ ਤੋਂ ਵੱਧ 1678 ਘਟਨਾਵਾਂ ਯਹੂਦੀਆਂ ਨਾਲ ਵਾਪਰੀਆਂ ਹਨ। ਲੰਘੇ ਸਾਲ ਨੌਂ ਬੋਧੀਆਂ ਨਾਲ ਵੀ ਨਸਲੀ ਘਟਨਾਵਾਂ ਵਾਪਰੀਆਂ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ’ਚ ਸਿੱਖ ਭਾਈਚਾਰੇ ਦੀ ਗਿਣਤੀ ਪੰਜ ਲੱਖ ਦੇ ਕਰੀਬ ਹੈ। 2012 ’ਚ ਓਕ ਕਰੀਕ ਦੇ ਗੁਰਦੁਆਰੇ ’ਚ ਹੋਏ ਹਮਲੇ ਤੋਂ ਬਾਅਦ 2015 ’ਚ ਐੱਫਬੀਆਈ ਨੇ ਸਿੱਖਾਂ ਖ਼ਿਲਾਫ਼ ਹੋਣ ਵਾਲੀਆਂ ਨਸਲੀ ਨਫਰਤ ਦੀਆਂ ਘਟਨਾਵਾਂ ਸਬੰਧੀ ਕਾਰਵਾਈ ਸ਼ੁਰੂ ਕੀਤੀ ਸੀ। ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਪਿੱਛੇ ਜਿਹੇ ਕਿਹਾ ਸੀ ਕਿ 2016 ’ਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਦੱਖਣੀ-ਏਸ਼ਿਆਈ ਅਮਰੀਕੀਆਂ ਖ਼ਿਲਾਫ਼ ਨਸਲੀ ਘਟਨਾਵਾਂ ਵਧੀਆਂ ਹਨ। ਪਿਛਲੇ ਸਾਲ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਤੇ ਭਾਰਤੀ ਮੂਲ ਦੇ ਸਟੋਰ ਮਾਲਕ ਹਰਨੀਸ਼ ਪਟੇਲ ਦਾ ਕਤਲ ਕਰ ਦਿੱਤਾ ਗਿਆ ਸੀ, ਜਦਕਿ 39 ਸਾਲਾ ਸਿੱਖ ਦੀਪ ਰਾਏ ਨੂੰ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਇਸੇ ਤਰ੍ਹਾਂ ਅਫਰੀਕੀ-ਅਮਰੀਕੀ ਵਿਅਕਤੀ ਨੇ ਭਾਰਤੀ ਮੂਲ ਦੀ ਲੜਕੀ ਨਾਲ ਰੇਲ ਗੱਡੀ ’ਚ ਛੇੜਛਾੜ ਕੀਤੀ ਸੀ।
HOME ਅਮਰੀਕਾ ’ਚ ਲੰਘੇ ਸਾਲ 24 ਸਿੱਖ ਹੋਏ ਨਸਲੀ ਨਫ਼ਰਤ ਦਾ ਸ਼ਿਕਾਰ