ਮਹਾਮਾਰੀ ਨੇ ਲਈਆਂ 9/11 ਦੇ ਅਤਿਵਾਦੀ ਹਮਲਿਆਂ ਨਾਲੋਂ ਵੀ ਵੱਧ ਜਾਨਾਂ
ਨਿਊਯਾਰਕ (ਸਮਾਜਵੀਕਲੀ)– ਅਮਰੀਕਾ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ 4,000 ਤੋਂ ਪਾਰ ਪਹੁੰਚ ਗਈ। ਇਹ ਗਿਣਤੀ ਦੇਸ਼ ਵਿੱਚ 11 ਸਤੰਬਰ ਨੂੰ ਹੋਏ ਅਤਿਵਾਦੀ ਹਮਲਿਆਂ ਵਿੱਚ ਹਲਾਕ ਹੋਏ ਲੋਕਾਂ ਦੀ ਗਿਣਤੀ ਨਾਲੋਂ ਵੀ ਵੱਧ ਹੈ। ਇਸ ਦੌਰਾਨ ਸਿਹਤ ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਮਹਾਮਾਰੀ ਨਾਲ ਇਕ ਲੱਖ ਤੋਂ ਦੋ ਲੱਖ ਅਮਰੀਕੀ ਲੋਕਾਂ ਦੀ ਮੌਤ ਹੋ ਸਕਦੀ ਹੈ। ਉਧਰ ਬ੍ਰਿਟੇਨ ’ਚ ਬੁੱਧਵਾਰ ਨੂੰ ਇੱਕ ਦਿਨ ’ਚ ਹੀ 563 ਮੌਤਾਂ ਹੋ ਗਈਆਂ ਹਨ। ਯਕੇ ’ਚ ਕਰੋਨਾ ਨਾਲ ਮਰਨ ਵਾਲੀਆਂ ਦੀ ਗਿਣਤੀ ਵੱਧ ਕੇ 2352 ਹੋ ਗਈ ਹੈ।
ਜੋਹਨਜ਼ਹੌਪਕਿਨਜ਼ ਯੂਨੀਵਰਸਿਟੀ ਕਰੋਨਾਵਾਇਰਸ ਖੋਜ ਕੇਂਦਰ ਦੇ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਕਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 4000 ਤੋਂ ਪਾਰ ਪਹੁੰਚ ਗਈ ਹੈ ਅਤੇ ਲਗਪਗ 1,90,000 ਲੋਕ ਇਸ ਬਿਮਾਰੀ ਤੋਂ ਪੀੜਤ ਹਨ। 11 ਸਤੰਬਰ 2001 ਨੂੰ ਅਮਰੀਕਾ ਵਿੱਚ ਅਲਕਾਇਦਾ ਅਤਿਵਾਦੀਆਂ ਦੇ ਹਮਲਿਆਂ ਵਿੱਚ ਕਰੀਬ 3000 ਲੋਕ ਮਾਰੇ ਗਏ ਸਨ।
ਅਮਰੀਕਾ ਵਿੱਚ ਕਰੋਨਾਵਾਇਰਸ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ ਚੀਨ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਨਾਲੋਂ ਵੀ ਵੱਧ ਹੋ ਗਈ ਹੈ। ਚੀਨ ਵਿੱਚ ਕਰੋਨਾਵਾਇਰਸ ਦਾ ਮਾਮਲਾ ਸਭ ਤੋਂ ਪਹਿਲਾਂ ਸਾਹਮਣੇ ਆਇਆ ਸੀ ਅਤੇ ਉੱਥੇ 3310 ਲੋਕਾਂ ਦੀ ਮੌਤ ਹੋਈ ਹੈ। ਦੁਨੀਆਂ ਭਰ ਵਿੱਚ ਕਰੋਨਾਵਾਇਰਸ ਦੇ ਕਰੀਬ 8,60,000 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 42 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਜੋਹਨਜ਼ ਹੌਪਕਿਨਸ ਦੇ ਅੰਕੜਿਆਂ ਅਨੁਸਾਰ 40 ਫ਼ੀਸਦੀ ਤੋਂ ਵੱਧ ਮੌਤਾਂ ਨਿਊਯਾਰਕ ’ਚ ਹੋਈਆਂ ਹਨ।
82,294 ਕੇਸਾਂ ਨਾਲ ਚੀਨ ਹੁਣ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ’ਚ ਚੌਥੇ ਨੰਬਰ ’ਤੇ ਹੈ। ਪਹਿਲੇ ਨੰਬਰ ’ਤੇ ਅਮਰੀਕਾ, ਦੂਜੇ ’ਤੇ ਇਟਲੀ ਅਤੇ ਤੀਜੇ ਨੰਬਰ ’ਤੇ ਸਪੇਨ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਸਭ ਤੋਂ ਮੁਸ਼ਕਿਲ ਦੋ ਹਫ਼ਤਿਆਂ ਵੱਲ ਵਧ ਰਿਹਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਮੁਸ਼ਕਿਲ ਦਿਨਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਹੈ।
ਵ੍ਹਾਈਟ ਹਾਊਸ ਟਾਸਕ ਫੋਰਸ ਦੀ ਇਕ ਮੈਂਬਰ ਦੇਬੋਰਾ ਬਰਕਸ ਨੇ ਕਿਹਾ ਕਿ ਅਮਰੀਕਾ ’ਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਇਕ ਤੋਂ ਦੋ ਲੱਖ ਵਿਚਾਲੇ ਹੋ ਸਕਦੀ ਹੈ।