ਅਮਰੀਕਾ-ਚੀਨ ਵਿਵਾਦ ਦਾ ਆਲਮੀ ਵਪਾਰ ’ਤੇ ਪਵੇਗਾ ਅਸਰ: ਰਾਜਨ

ਨਿਊਯਾਰਕ (ਸਮਾਜ ਵੀਕਲੀ) : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਨੇੜੇ ਆਊਣ ਕਰਕੇ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਵਧੇਗਾ, ਜਿਸ ਕਾਰਨ ਆਲਮੀ ਵਪਾਰ ’ਚ ਵਿਗਾੜ ਆਵੇਗਾ। ਊਨ੍ਹਾਂ ਕਿਹਾ ਕਿ ਕੋਵਿਡ-19 ਦੌਰਾਨ ਮੁੜ ਖੁੱਲ੍ਹ ਰਹੇ ਭਾਰਤ ਅਤੇ ਬ੍ਰਾਜ਼ੀਲ ਵਰਗੇ ਮੁਲਕਾਂ ਲਈ ਇਸ ਸਮੇਂ ਵਿੱਚ ਆਲਮੀ ਵਪਾਰ ‘ਬਹੁਤ ਜ਼ਿਆਦਾ ਜ਼ਰੂਰੀ’ ਹੈ।

ਅਰਥਚਾਰੇ ਵਿੱਚ ‘ਬਹੁਤ ਜ਼ਿਆਦਾ ਨੁਕਸਾਨੀਆਂ ਕੰਪਨੀਆਂ’ ਬਾਰੇ ਚੌਕਸ ਕਰਦਿਆਂ ਰਾਜਨ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਦਰੁਸਤੀ ਦੇ ਨਾਲ-ਨਾਲ ਮੁਰੰਮਤ ਦੀ ਪ੍ਰਕਿਰਿਆ ਹੋਣੀ ਚਾਹੀਦੀ ਹੈ। ਅਮਰੀਕਾ ਵਿੱਚ ‘ਕੋਵਿਡ-19 ਤੋਂ ਬਾਅਦ ਨਵੇਂ ਆਰਥਿਕ ਨੇਮਾਂ’ ਬਾਰੇ ਵਰਚੁਅਲ ਕਾਨਫਰੰਸ ਮੌਕੇ ਊਨ੍ਹਾਂ ਕਿਹਾ, ‘‘ਅਮਰੀਕਾ ਵਿੱਚ ਯਕੀਨੀ ਤੌਰ ’ਤੇ ਬਹੁਤ ਜ਼ਿਆਦਾ ਕੰਪਨੀਆਂ ਦੀਵਾਲੀਆ ਹੋਣਗੀਆਂ ਅਤੇ ਅਜਿਹਾ ਯੂਰੋਪ ਵਿੱਚ ਵੀ ਸੰਭਵ ਹੈ, ਜਿਸ ਕਰਕੇ ਅਰਥਚਾਰੇ ਦੀ ਮੁਰੰਮਤ ਹੋਵੇ, ਸਾਧਨ ਮੁੜ ਨਿਰਧਾਰਿਤ ਕੀਤੇ ਜਾਣ, ਕੈਪੀਟਲ ਢਾਂਚਿਆਂ ਦਾ ਪੁਨਰਗਠਨ ਕੀਤਾ ਜਾਵੇ।

ਊਨ੍ਹਾਂ ਕਿਹਾ, ‘‘ਜਿਵੇਂ-ਜਿਵੇਂ ਅਮਰੀਕੀ ਚੋਣਾਂ ਨੇੜੇ ਆ ਰਹੀਆਂ ਹਨ, ਯਕੀਨੀ ਤੌਰ ’ਤੇ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਵਧੇਗਾ, ਜਿਸ ਨਾਲ ਆਲਮੀ ਵਪਾਰ ਵਿਗੜੇਗਾ। ਇਸ ਦਾ ਅਸਰ ਭਾਰਤ, ਬ੍ਰਾਜ਼ੀਲ, ਮੈਕਸਿਕੋ ਜਿਹੇ ਮੁਲਕਾਂ ’ਤੇ ਪਵੇਗਾ, ਜੋ ਕਿ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਹੁਣ ਲੌਕਡਾਊਨ ਮਗਰੋਂ ਖੁੱਲ੍ਹ ਰਹੇ ਹਨ, ਜਿਨ੍ਹਾਂ ਨੂੰ ਮੰਦੀ ’ਚੋਂ ਕੱਢਣ ਲਈ ਮੰਗ ਦੀ ਲੋੜ ਹੈ।’’ ਰਾਜਨ ਨੇ ਮੁਲਕਾਂ ਲਈ ਆਲਮੀ ਵਪਾਰ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ।

Previous articleਮਹਾਮਾਰੀ: ਪੰਜਾਬ ਵਿਚ ਨਿਵੇਸ਼ ਕਰਨ ’ਤੇ ਵੱਡੀਆਂ ਛੋਟਾਂ
Next article‘ਸਾਈਬਾਬਾ ਨੂੰ ਜੇਲ੍ਹ ਵਿਚ ਮੈਡੀਕਲ ਸਹਾਇਤਾ ਮਿਲ ਰਹੀ ਹੈ’