ਕੋਲਕਾਤਾ (ਸਮਾਜ ਵੀਕਲੀ) : ਈਡੀ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਨਜ਼ਦੀਕੀ ਰਿਸ਼ਤੇਦਾਰ ਮਾਨੇਕਾ ਗੰਭੀਰ ਨੂੰ ਸ਼ਨੀਵਾਰ ਰਾਤ ਇਥੇ ਕੋਲਕਾਤਾ ਹਵਾਈ ਅੱਡੇ ’ਤੇ ਵਿਦੇਸ਼ ਉਡਾਰੀ ਮਾਰਨ ਤੋਂ ਰੋਕ ਦਿੱਤਾ। ਈਡੀ ਨੇ ਬੈਨਰਜੀ ਨੂੰ ਮੌਕੇ ’ਤੇ ਹੀ ਸੰਮਨ ਸੌਂਪਦਿਆਂ 12 ਸਤੰਬਰ ਨੂੰ ਸਾਲਟ ਲੇਕ ਇਲਾਕੇ ਵਿਚਲੇ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਹੈ। ਗੰਭੀਰ ਸ਼ਨਿਚਰਵਾਰ ਰਾਤ 9 ਵਜੇ ਦੇ ਕਰੀਬ ਬੈਂਕਾਕ ਦੀ ਫਲਾਈਟ ਲਈ ਹਵਾਈ ਅੱਡੇ ਪੁੱਜੀ ਸੀ। ਸੂਤਰਾਂ ਨੇ ਕਿਹਾ ਕਿ ਗੰਭੀਰ ਨੂੰ ਸੰਘੀ ਏਜੰਸੀ ਵੱਲੋਂ ਉਸ ਖਿਲਾਫ਼ ਜਾਰੀ ‘ਲੁਕਆਊਟ’ ਸਰਕੁਲਰ ਦੇ ਆਧਾਰ ’ਤੇ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਨਾਂਹ ਕੀਤੀ ਗਈ ਸੀ।
ਹਵਾਈ ਅੱਡੇ ਪੁੱਜੀ ਬੈਨਰਜੀ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਲਿਆ ਤੇ ਈਡੀ ਨੂੰ ਇਸ ਬਾਰੇ ਸੂਚਿਤ ਕੀਤਾ। ਸੰਘੀ ਏਜੰਸੀ ਨੇ ਗੱਲਬਾਤ ਕਰਨ ਮਗਰੋਂ ਬੈਨਰਜੀ ਨੂੰ ਵਿਦੇਸ਼ ਯਾਤਰਾ ਲਈ ਖੁੱਲ੍ਹ ਦੇਣ ਤੋਂ ਇਨਕਾਰ ਕਰ ਦਿੱਤਾ। ਕਾਬਿਲੇਗੌਰ ਹੈ ਕਿ ਕੋਲਕਾਤਾ ਹਾਈ ਕੋਰਟ ਨੇ ਅਗਸਤ ਵਿੱਚ ਈਡੀ ਨੂੰ ਹਦਾਇਤ ਕੀਤੀ ਸੀ ਕਿ ਉਹ ਕਥਿਤ ਕੋਲਾ ਘੁਟਾਲੇ ਕੇਸ ਵਿਚ ਗੰਭੀਰ ਤੋਂ ਦਿੱਲੀ ਦੀ ਥਾਂ ਕੋਲਕਾਤਾ ਵਿਚਲੇ ਖੇਤਰੀ ਦਫਤਰ ਵਿੱਚ ਹੀ ਪੁੱਛ-ਪੜਤਾਲ ਕਰੇ ਤੇ ਅਗਲੀ ਸੁਣਵਾਈ ਤੋਂ ਪਹਿਲਾਂ ਉਸ ਖਿਲਾਫ਼ ਕੋਈ ਕਾਰਵਾਈ ਨਾ ਕਰੇ। ੲੇਜੰਸੀ ਇਸ ਕੇਸ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਤੇ ਉਨ੍ਹਾਂ ਦੀ ਪਤਨੀ ਰੁਜਿਰਾ ਤੋਂ ਵੀ ਪੁੱਛ-ਪੜਤਾਲ ਕਰ ਚੁੱਕੀ ਹੈ।