ਨਵੀਂ ਦਿੱਲੀ (ਸਮਾਜਵੀਕਲੀ) – ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਸਾਰੀਆਂ ਧਾਰਮਿਕ ਤੇ ਜਨਤਕ ਥਾਵਾਂ ’ਤੇ ਲੌਕਡਾਊਨ ਤੇ ਸਮਾਜਿਕ ਦੂਰੀ ਦੇ ਨੇਮਾਂ ’ਤੇ ਅਸਰਦਾਰ ਤਰੀਕੇ ਨਾਲ ਲਾਗੂ ਕਰਨ, ਘਰਾਂ ਵਿੱਚ ਹੀ ਇਬਾਦਤ ਕਰਨ ਤੇ ਅਫ਼ਵਾਹਾਂ ਖਿਲਾਫ਼ ਜਾਗਰੂਕਤਾ ਯਕੀਨੀ ਬਣਾਉਣ ਦੇ ਇਰਾਦੇ ਨਾਲ ਰਾਜ ਵਕਫ਼ ਬੋਰਡ ਦੇ ਮੁਖੀਆਂ ਤੇ ਸਿਖਰਲੇ ਅਧਿਕਾਰੀਆਂ ਨਾਲ ਵੀਡੀਓ ਕਾਨਫੰਰਿੰਗ ਜ਼ਰੀਏ ਗੱਲਬਾਤ ਕੀਤੀ।
ਦੇਸ਼ ਦੇ ਵੱਖ ਵੱਖ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਕਫ਼ ਬੋਰਡਾਂ ਤਹਿਤ 7 ਲੱਖ ਤੋਂ ਵੱਧ ਰਜਿਸਟਰਡ ਮਸਜਿਦਾਂ, ਈਦਗਾਹ, ਦਰਗਾਹ, ਇਮਾਮਬਾੜੇ ਤੇ ਹੋਰ ਧਾਰਮਿਕ ਸਮਾਜਿਕ ਥਾਵਾਂ ਹਨ। ਕੇਂਦਰੀ ਵਕਫ਼ ਕੌਂਸਲ ਰਾਜਾਂ ਦੇ ਵਕਫ਼ ਬੋਰਡਾਂ ਦੀ ਰੈਗੂਲੇਟਰੀ ਬਾਡੀ ਹੈ।
ਸ੍ਰੀ ਨਕਵੀ ਨੇ ਕਿਹਾ, ‘ਸਾਨੂੰ ਸਿਹਤ ਕਾਮਿਆਂ, ਸੁਰੱਖਿਆ ਬਲਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਫ਼ਾਈ ਕਰਮਚਾਰੀਆਂ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਇਕਾਂਤਵਾਸ ਤੇ ਆਈਸੋਲੇਸ਼ਨ ਕੇਂਦਰਾਂ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਨਾਕਾਮ ਬਣਾਉਂਦਿਆਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ।’
ਉਨ੍ਹਾਂ ਅਪੀਲ ਕੀਤੀ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਅਜਿਹੇ ਕੇਂਦਰ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਗ ਤੋਂ ਸੁਰੱਖਿਅਤ ਕਰਨ ਲਈ ਹਨ। ਨਕਵੀ ਨੇ ਸਾਰੇ ਰਾਜ ਵਕਫ਼ ਬੋਰਡਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਇਬਾਦਤ, ਇਫ਼ਤਾਰ, ਤਰਾਬੀ ਤੇ ਹੋਰਨਾਂ ਧਾਰਮਿਕ ਸਰਗਰਮੀਆਂ ਦੌਰਾਨ ਕੇਂਦਰੀ ਗ੍ਰਹਿ ਮੰਤਰਾਲਾ, ਰਾਜ ਸਰਕਾਰਾਂ ਤੇ ਵਕਫ਼ ਕੌਂਸਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ।