ਅਫ਼ਗਾਨਿਸਤਾਨ ਦੇ ਦੋ ਵਿਰੋਧੀ ਆਗੂਆਂ ਨੇ ਅੱਜ ਵੱਖ-ਵੱਖ ਸਹੁੰ ਚੁੱਕ ਸਮਾਗਮਾਂ ਵਿੱਚ ਦੇਸ਼ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਅਜਿਹਾ ਕਰ ਕੇ ਇਨ੍ਹਾਂ ਆਗੂਆਂ ਨੇ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਦੀ ਯੋਜਨਾ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ ਅਤੇ ਇਸ ਤਰ੍ਹਾਂ ਅਮਰੀਕਾ ਲਈ ਵੀ ਉਲਝਣ ਖੜ੍ਹੀ ਹੋ ਗਈ ਹੈ ਕਿਉਂ ਕਿ ਉਸ ਨੇ ਅਗਲੇ ਸਮੇਂ ਵਿੱਚ ਤਾਲਿਬਾਨ ਨਾਲ ਸ਼ਾਂਤੀ ਸਮਝੌਤਾ ਅੱਗੇ ਤੋਰਨ ਦੀ ਯੋਜਨਾ ਘੜੀ ਹੋਈ ਸੀ। ਅਫ਼ਗਾਨਿਸਤਾਨ ਵਿੱਚ ਪਿਛਲੇ 18 ਸਾਲਾਂ ਤੋਂ ਚੱਲ ਰਹੀ ਲੜਾਈ ਨੂੰ ਖ਼ਤਮ ਕਰਨ ਲਈ ਵਾਸ਼ਿੰਗਟਨ ਦੇ ਯਤਨਾਂ ਸਦਕਾ ਇਕ ਹਫ਼ਤਾ ਪਹਿਲਾਂ ਅਮਰੀਕਾ-ਤਾਲਿਬਾਨ ਵਿਚਾਲੇ ਸਮਝੌਤਾ ਹੋਇਆ ਸੀ। ਇਸ ਸਮਝੌਤੇ ਤੋਂ ਬਾਅਦ ਕਈ ਅਫ਼ਗਾਨ ਲੋਕਾਂ ਨੂੰ ਆਸ ਬੱਝੀ ਸੀ ਕਿ ਉਨ੍ਹਾਂ ਕੋਲ 18 ਸਾਲ ਲੰਬੀ ਇਸ ਲੜਾਈ ਨੂੰ ਖ਼ਤਮ ਕਰਨ ਦਾ ਇਹੀ ਮੌਕਾ ਹੈ ਪਰ ਰਾਸ਼ਟਰਤੀ ਅਸ਼ਰਫ਼ ਗਨੀ ਜਿਸ ਨੂੰ ਲੰਘੇ ਸਤੰਬਰ ਵਿੱਚ ਹੋਈਆਂ ਚੋਣਾਂ ਦਾ ਜੇਤੂ ਐਲਾਨਿਆ ਗਿਆ ਸੀ ਅਤੇ ਉਨ੍ਹਾਂ ਦੇ ਵਿਰੋਧੀ ਅਬਦੁੱਲਾ-ਅਬਦੁੱਲਾ ਜਿਸ ਨੇ ਵੋਟਾਂ ਵਿੱਚ ਧਾਂਦਲੀ ਦੇ ਦੋਸ਼ ਲੱਗੇ ਸਨ ਅਤੇ ਇਸ ਸਬੰਧੀ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਵੀ ਕੀਤੀਆਂ ਸਨ, ਦੋਹਾਂ ਨੇ ਆਪਣੇ ਵਖਰੇਵੇਂ ਦੂਰ ਕਰਨ ਤੋਂ ਨਾਂਹ ਕਰ ਦਿੱਤੀ ਹੈ। ਇੱਕੋ ਸਮੇਂ ਦੋ ਸਹੁੰ ਚੁੱਕ ਸਮਾਗਮ ਹੋਏ ਜਿਨ੍ਹਾਂ ਵਿੱਚੋਂ ਰਾਸ਼ਟਰਪਤੀ ਮਹਿਲ ਵਿੱਚ ਸ੍ਰੀ ਗਨੀ ਨੇ ਅਤੇ ਉਸ ਤੋਂ ਅੱਗੇ ਸਪੇਦਾਰ ਮਹਿਲ ਵਿੱਚ ਅਬਦੁੱਲਾ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਕੌਮਾਂਤਰੀ ਸਹਿਯੋਗ ਸਦਕਾ ਸ੍ਰੀ ਗਨੀ ਦਾ ਸਹੁੰ ਚੁੱਕ ਸਮਾਗਮ ਸਰਕਾਰੀ ਟੀਵੀ ’ਤੇ ਦਿਖਾਇਆ ਗਿਆ ਅਤੇ ਇਸ ਵਿੱਚ ਵਾਸ਼ਿੰਗਟਨ ਦੇ ਸ਼ਾਂਤੀ ਦੂਤ ਜ਼ਾਲਮੇ ਖ਼ਲੀਲਜ਼ਾਦ, ਅਫ਼ਗਾਨਿਸਤਾਨ ਵਿੱਚ ਅਮਰੀਕੀ ਫ਼ੌਜਾਂ ਦੇ ਮੁਖੀ ਜਨਰਲ ਔਸਟਿਨ ਐੱਸ ਮਿੱਲਰ ਤੋਂ ਇਲਾਵਾ ਸੰਯੁਕਤ ਰਾਸ਼ਟਰ ਦੇ ਸਕੱਤਰ ਦੇ ਅਫ਼ਗਾਨਿਸਤਾਨ ਲਈ ਨਿੱਜੀ ਨੁਮਾਇੰਦੇ ਤਾਦਾਮਿਚੀ ਯਾਮਾਮੋਟੋ ਸਣੇ ਵੱਡੀ ਗਿਣਤੀ ਵਿਦੇਸ਼ੀ ਸ਼ਖ਼ਸੀਅਤਾਂ ਸ਼ਾਮਲ ਸਨ। ਉੱਧਰ, ਅਬਦੁੱਲਾ-ਅਬਦੁੱਲਾ ਦਾ ਸਹੁੰ ਚੁੱਕ ਸਮਾਗਮ ਇਕ ਨਿੱਜੀ ਟੀਵੀ ’ਤੇ ਦਿਖਾਇਆ ਗਿਆ ਜਿਸ ਵਿੱਚ ਜਹਾਦੀ ਕਮਾਂਡਰ ਸ਼ਾਮਲ ਸਨ।
HOME ਅਫ਼ਗਾਨ ਸੰਕਟ: ਗ਼ਨੀ ਤੇ ਅਬਦੁੱਲਾ ਆਹਮੋ-ਸਾਹਮਣੇ