ਲਸ਼ਕਰ ਗਾਹ (ਅਫ਼ਗਾਨਿਸਤਾਨ) (ਸਮਾਜ ਵੀਕਲੀ): ਅਫ਼ਗਾਨਿਸਤਾਨ ਦੇ ਦੱਖਣੀ ਹੇਲਮੰਡ ਰਾਜ ਵਿੱਚ ਜ਼ਖ਼ਮੀ ਸੈਨਿਕਾਂ ਨੂੰ ਲੈ ਕੇ ਜਾ ਰਹੇ ਅਫ਼ਗਾਨੀ ਫ਼ੌਜ ਦੇ ਦੋ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਏ। ਇਸ ਹਾਦਸੇ ਵਿੱਚ ਅਫ਼ਗਾਨੀ ਫ਼ੌਜ ਦੇ ਨੌਂ ਮੈਂਬਰ ਹਲਾਕ ਹੋ ਗਏ। ਇਹ ਜਾਣਕਾਰੀ ਦੇਸ਼ ਦੇ ਰੱਖਿਆ ਮੰਤਰਾਲੇ ਅਤੇ ਸਥਾਨਕ ਅਧਿਕਾਰੀਆਂ ਨੇ ਦਿੱਤੀ।
ਅਫ਼ਗਾਨ ਰੱਖਿਆ ਮੰਤਰਾਲੇ ਦੇ ਬਿਆਨ ਅਨੁਸਾਰ ਨਾਵਾ ਜ਼ਿਲ੍ਹੇ ਵਿੱਚ ਉਡਾਣ ਭਰਦੇ ਸਮੇਂ ਤਕਨੀਕੀ ਖ਼ਰਾਬੀ ਆਉਣ ਕਾਰਨ ਸੋਵੀਅਤ ਕਾਲ ਦੇ ਦੋ ਐੱਮਆਈ-17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਏ। ਇਸ ਦੌਰਾਨ ਨੌਂ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਹੈਲੀਕਾਪਟਰ ਚਲਾਉਣ ਵਾਲਾ ਅਮਲਾ ਅਤੇ ਸੈਨਾ ਦੇ ਜਵਾਨ ਸ਼ਾਮਲ ਸਨ।
ਹੇਲਮੰਡ ਸੂਬੇ ਦੇ ਰਾਜਪਾਲ ਦੇ ਬੁਲਾਰੇ ਉਮਰ ਜ਼ਵਾਕ ਨੇ ਕਿਹਾ ਕਿ ਲੰਘੇ ਦਿਨ ਇਹ ਹੈਲੀਕਾਪਟਰ ਜ਼ਖ਼ਮੀ ਸੈਨਿਕਾਂ ਨੂੰ ਲੈ ਕੇ ਜਾ ਰਹੇ ਸਨ ਤਾਂ ਹਾਦਸਾ ਵਾਪਰ ਗਿਆ। ਹੇਲਮੰਡ ਰਾਜ ਦੇ ਤਿੰਨ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਇਹ ਹੈਲੀਕਾਪਟਰ ਨਾਵਾ ਜ਼ਿਲ੍ਹੇ ਵਿੱਚ ਤਾਲਿਬਾਨੀ ਹਮਲਿਆਂ ਨੂੰ ਰੋਕਣ ਲਈ ਅਫ਼ਗਾਨ ਕਮਾਂਡੋਜ਼ ਨੂੰ ਤਾਇਨਾਤੀ ਲਈ ਲੈ ਕੇ ਗਏ ਸਨ ਅਤੇ ਵਾਪਸੀ ਵਿਚ ਜ਼ਖ਼ਮੀ ਸੈਨਿਕਾਂ ਨੂੰ ਲੈ ਕੇ ਆ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।