ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਐਤਵਾਰ ਨੂੰ ਆਏ ਚੋਣ ਨਤੀਜਿਆਂ ਮੁਤਾਬਕ ਇਕ ਵਾਰ ਫਿਰ ਇਸ ਅਹੁਤੇ ’ਤੇ ਕਾਬਜ਼ ਹੋਣ ਲਈ ਤਿਆਰ ਹਨ। ਚੋਣ ਅਧਿਕਾਰੀਆਂ ਨੇ ਸ਼ੁਰੂਆਤੀ ਚੋਣ ਨਤੀਜਿਆਂ ਦੇ ਆਧਾਰ ’ਤੇ ਐਲਾਨ ਕੀਤਾ ਹੈ ਕਿ ਰਾਸ਼ਟਰਪਤੀ ਚੋਣਾਂ ’ਚ ਗਨੀ ਨੂੰ ਬਹੁਮਤ ਹਾਸਲ ਹੋ ਗਿਆ ਹੈ। ਗਨੀ ਦੀ ਸਪੱਸ਼ਟ ਜਿੱਤ ਦੇ ਬਾਵਜੂਦ ਕੁੜੱਤਣ ਭਰੇ ਮਾਹੌਲ ’ਚ ਲੜੀਆਂ ਗਈਆਂ ਚੋਣਾਂ ਦੇ ਨਤੀਜਿਆਂ ਨੂੰ ਅੰਤਿਮ ਨਹੀਂ ਮੰਨਿਆ ਜਾ ਸਕਦਾ ਹੈ। 28 ਸਤੰਬਰ ਨੂੰ ਪਈਆਂ ਵੋਟਾਂ ਦੌਰਾਨ ਮੁੱਖ ਵਿਰੋਧੀ ਰਹੇ ਅਬਦੁੱਲਾ ਅਬਦੁੱਲਾ ਨੇ ਕਿਹਾ ਕਿ ਉਹ ਨਤੀਜਿਆਂ ਨੂੰ ਚੁਣੌਤੀ ਦੇਣਗੇ। ਇੰਡੀਪੈਂਡਟ ਚੋਣ ਕਮਿਸ਼ਨ ਮੁਤਾਬਕ ਗਨੀ ਨੂੰ 50.64 ਫ਼ੀਸਦੀ ਜਦਕਿ ਉਨ੍ਹਾਂ ਦੇ ਵਿਰੋਧੀ ਅਬਦੁੱਲਾ ਨੂੰ 39.52 ਫ਼ੀਸਦੀ ਵੋਟਾਂ ਮਿਲੀਆਂ ਹਨ। ਚੋਣ ਨਤੀਜਿਆਂ ਦੇ ਅੰਤਿਮ ਐਲਾਨ ਤੋਂ ਪਹਿਲਾਂ ਉਮੀਦਵਾਰਾਂ ਕੋਲ ਹੁਣ ਸ਼ਿਕਾਇਤ ਦਰਜ ਕਰਾਉਣ ਦਾ ਮੌਕਾ ਹੈ। ਉਨਾਂ ਨੂੰ ਸ਼ਾਇਦ ਇਕ ਹਫ਼ਤੇ ਦੇ ਅੰਦਰ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਹੋਵੇਗੀ। ਨਤੀਜਿਆਂ ਦਾ ਐਲਾਨ ਹੋਣ ਮਗਰੋਂ ਅਬਦੁੱਲਾ ਦੇ ਦਫ਼ਤਰ ਤੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਉਹ ਇਸ ਨੂੰ ਚੁਣੌਤੀ ਦੇਣਗੇ। ਬਿਆਨ ’ਚ ਕਿਹਾ ਗਿਆ,‘‘ਅਸੀਂ ਆਪਣੇ ਲੋਕਾਂ, ਸਮਰਥਕਾਂ, ਚੋਣ ਕਮਿਸ਼ਨ ਅਤੇ ਕੌਮਾਂਤਰੀ ਸਹਿਯੋਗੀਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਡੀ ਟੀਮ ਇਨ੍ਹਾਂ ਫ਼ਰਜ਼ੀ ਚੋਣ ਨਤੀਜਿਆਂ ਨੂੰ ਉਸ ਸਮੇਂ ਤੱਕ ਸਵੀਕਾਰ ਨਹੀਂ ਕਰੇਗੀ ਜਦੋਂ ਤੱਕ ਕਿ ਸਾਡੀਆਂ ਜਾਇਜ਼ ਮੰਗਾਂ ਨੂੰ ਸੁਣਿਆ ਨਹੀਂ ਜਾਂਦਾ।’’ ਮੁੱਢਲੇ ਨਤੀਜੇ 19 ਅਕਤੂਬਰ ਨੂੰ ਐਲਾਨੇ ਜਾਣੇ ਸਨ ਪਰ ਕਈ ਉਮੀਦਵਾਰਾਂ ਖਾਸ ਕਰਕੇ ਅਬਦੁੱਲਾ ਵੱਲੋਂ ਤਕਨੀਕੀ ਖਾਮੀਆਂ ਅਤੇ ਜਾਅਲਸਾਜ਼ੀ ਦੇ ਦੋਸ਼ ਲਗਾਏ ਜਾਣ ਕਾਰਨ ਵਾਰ-ਵਾਰ ਇਨ੍ਹਾਂ ’ਚ ਦੇਰੀ ਹੋ ਰਹੀ ਸੀ। ਚੋਣ ਕਮਿਸ਼ਨ ਦੀ ਮੁਖੀ ਹਵਾ ਆਲਮ ਨੂਰਿਸਤਾਨੀ ਨੇ ਕਿਹਾ ਕਿ ਉਨ੍ਹਾਂ ਇਮਾਨਦਾਰੀ, ਵਫ਼ਾਦਰੀ, ਜ਼ਿੰਮੇਵਾਰੀ ਅਤੇ ਭਰੋਸੇ ਨਾਲ ਆਪਣਾ ਕੰਮ ਮੁਕੰਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵੋਟ ਦਾ ਸਨਮਾਨ ਕੀਤਾ ਗਿਆ ਹੈ ਅਤੇ ਉਹ ਲੋਕਤੰਤਰ ਵਧਦਾ-ਫੁਲਦਾ ਦੇਖਣਾ ਚਾਹੁੰਦੇ ਹਨ।
HOME ਅਫ਼ਗਾਨਿਸਤਾਨ ਰਾਸ਼ਟਰਪਤੀ ਚੋਣਾਂ ’ਚ ਗਨੀ ਨੂੰ ਬਹੁਮਤ