ਅਫ਼ਗਾਨਿਸਤਾਨ ਦੀ ਦਹਿਸ਼ਤੀ ਹਮਲਿਆਂ ਲਈ ਵਰਤੋਂ ਨਾ ਹੋਵੇ: ਬਰਿਕਸ

ਨਵੀਂ ਦਿੱਲੀ (ਸਮਾਜ ਵੀਕਲੀ): ਪੰਜ ਮੁਲਕਾਂ ’ਤੇ ਆਧਾਰਿਤ ਬਰਿਕਸ ਨੇ ਅੱਜ ਕਿਹਾ ਹੈ ਕਿ ਅਫ਼ਗਾਨਿਸਤਾਨ ਦੇ ਇਲਾਕੇ ਦੀ ਹੋਰ ਮੁਲਕਾਂ ਖ਼ਿਲਾਫ਼ ਦਹਿਸ਼ਤੀ ਹਮਲਿਆਂ ਲਈ ਵਰਤੋਂ ਨਾ ਕੀਤੀ ਜਾਵੇ। ਬਰਿਕਸ ਨੇ ਸਰਹੱਦ ਪਾਰੋਂ ਅਤਿਵਾਦ ਸਮੇਤ ਹਰ ਤਰ੍ਹਾਂ ਦੇ ਅਤਿਵਾਦ ਨਾਲ ਨਜਿੱਠਣ ਦਾ ਡਟ ਕੇ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਏ ਵਰਚੁਅਲ ਸਿਖਰ ਸੰਮੇਲਨ ਦੌਰਾਨ ਅਫ਼ਗਾਨਿਸਤਾਨ ਦੇ ਹਾਲਾਤ ਸਮੇਤ ਹੋਰ ਮੁੱਦਿਆਂ ਬਾਰੇ ਵਿਸਥਾਰ ਨਾਲ ਚਰਚਾ ਹੋਈ।

ਸੰਮੇਲਨ ਦੀ ਮੇਜ਼ਬਾਨੀ ਭਾਰਤ ਨੇ ਕੀਤੀ ਜਿਸ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸੀ ਰਾਮਫੋਸਾ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇ ਬੋਲਸਾਨਾਰੋ ਨੇ ਹਾਜ਼ਰੀ ਭਰੀ। ਸਿਖਰ ਸੰਮੇਲਨ ਦੀ ਸਮਾਪਤੀ ’ਤੇ ਐਲਾਨਨਾਮਾ ਜਾਰੀ ਕੀਤਾ ਗਿਆ ਜਿਸ ’ਚ ਅਫ਼ਗਾਨਿਸਤਾਨ ’ਚ ਹਿੰਸਾ ਤੋਂ ਗੁਰੇਜ਼ ਕਰਨ ਦੇ ਨਾਲ ਨਾਲ ਸ਼ਾਂਤੀਪੂਰਨ ਤਰੀਕਿਆਂ ਨਾਲ ਹਾਲਾਤ ਆਮ ਵਰਗੇ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਬਰਿਕਸ ਨੇ ਕਿਹਾ ਕਿ ਉਨ੍ਹਾਂ ਅੰਤਰ-ਅਫ਼ਗਾਨ ਵਾਰਤਾ ’ਤੇ ਜ਼ੋਰ ਦਿੱਤਾ ਹੈ ਤਾਂ ਜੋ ਮੁਲਕ ’ਚ ਸਥਿਰਤਾ ਅਤੇ ਸ਼ਾਂਤੀ ਕਾਇਮ ਕੀਤੀ ਜਾ ਸਕੇ। ਪੰਜ ਮੈਂਬਰੀ ਮੁਲਕਾਂ ਨੇ ਕਾਬੁਲ ਹਵਾਈ ਅੱਡੇ ਨੇੜੇ ਹੋਏ ਦਹਿਸ਼ਤੀ ਹਮਲਿਆਂ ਦੀ ਵੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਹੈ।

ਐਲਾਨਨਾਮੇ ’ਚ ਕਿਹਾ ਗਿਆ ਹੈ ਕਿ ਅਫ਼ਗਾਨਿਸਤਾਨ ’ਚ ਮਹਿਲਾਵਾਂ, ਬੱਚਿਆਂ ਤੇ ਘੱਟ ਗਿਣਤੀਆਂ ਸਮੇਤ ਸਾਰਿਆਂ ਦੇ ਮਨੁੱਖੀ ਹਕੂਕ ਬਹਾਲ ਕੀਤੇ ਜਾਣ। ਸੰਮੇਲਨ ਦੌਰਾਨ ਬਰਿਕਸ ਨੇ ਅਤਿਵਾਦ ਦੇ ਟਾਕਰੇ ਲਈ ਕਾਰਜ ਯੋਜਨਾ ਅਪਣਾਉਣ ਦੀ ਰਣਨੀਤੀ ਵੀ ਬਣਾਈ ਜਿਸ ਨੂੰ ਮੈਂਬਰ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਨੇ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਰਿਕਸ ਨੇ ਅਤਿਵਾਦ ਵਿਰੋਧੀ ਕਾਰਜ ਯੋਜਨਾ ਅਪਣਾਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਭਾਰਤ ਨੂੰ ਬਰਿਕਸ ਦੀ 15ਵੀਂ ਵਰ੍ਹੇਗੰਢ ਮੌਕੇ ਅਗਵਾਈ ਕਰਨ ’ਤੇ ਖੁਸ਼ੀ ਮਹਿਸੂਸ ਹੋ ਰਹੀ ਹੈ।

ਉਨ੍ਹਾਂ ਕਿਹਾ,‘‘ਭਾਰਤ ਨੂੰ ਸਾਰੇ ਬਰਿਕਸ ਭਾਈਵਾਲਾਂ ਤੋਂ ਪੂਰਾ ਸਹਿਯੋਗ ਮਿਲਿਆ ਹੈ। ਬਰਿਕਸ ਨੇ ਪਿਛਲੇ ਡੇਢ ਦਹਾਕੇ ਦੌਰਾਨ ਕਈ ਪ੍ਰਾਪਤੀਆਂ ਹਾਸਲ ਕੀਤੀਆਂ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਰਿਕਸ ਵਿਸ਼ਵ ਦੇ ਉਭਰਦੇ ਅਰਥਚਾਰਿਆਂ ਦੀ ਅਸਰਅੰਦਾਜ਼ ਆਵਾਜ਼ ਬਣ ਕੇ ਅੱਗੇ ਆਇਆ ਹੈ। ਬਹੁ-ਪਰਤੀ ਪ੍ਰਣਾਲੀ ’ਚ ਸੁਧਾਰ ਅਤੇ ਮਜ਼ਬੂਤੀ ਲਈ ਬਰਿਕਸ ਵੱਲੋਂ ਪਹਿਲੀ ਵਾਰ ਉਠਾਏ ਗਏ ਸਾਂਝੇ ਕਦਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਬਰਿਕਸ ਅਗਲੇ 15 ਸਾਲਾਂ ’ਚ ਹੋਰ ਲਾਹੇਵੰਦ ਬਣੇ।

ਸੰਮੇਲਨ ਨੂੰ ਸੰਬੋਧਨ ਕਰਦਿਆਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਬਰਿਕਸ ਮੁਲਕ ਕੌਮਾਂਤਰੀ ਪੱਧਰ ’ਤੇ ਅਹਿਮ ਤਾਕਤ ਬਣ ਗਏ ਹਨ। ਉਨ੍ਹਾਂ ਮੈਂਬਰ ਮੁਲਕਾਂ ’ਚ ਗੂੜ੍ਹੇ ਸਹਿਯੋਗ ਅਤੇ ਸਾਂਝੀਆਂ ਚੁਣੌਤੀਆਂ ਦੇ ਟਾਕਰੇ ਲਈ ਭਾਈਵਾਲ ਬਣਨ ਦਾ ਸੱਦਾ ਦਿੱਤਾ। ਸ਼ੀ ਨੇ ਬਰਿਕਸ ਮੁਲਕਾਂ ਵਿਚਕਾਰ ਵਿਵਹਾਰਕ ਸਹਿਯੋਗ ਲਈ ਪੰਜ ਤਜਵੀਜ਼ਾਂ ਪੇਸ਼ ਕੀਤੀਆਂ ਜਿਨ੍ਹਾਂ ’ਚ ਜਨ ਸਿਹਤ, ਵੈਕਸੀਨ ਬਾਰੇ ਕੌਮਾਂਤਰੀ ਸਹਿਯੋਗ, ਆਰਥਿਕ, ਸਿਆਸੀ ਅਤੇ ਸੁਰੱਖਿਆ ਸਹਿਯੋਗ ਸ਼ਾਮਲ ਹਨ। ਸ਼ੀ ਨੇ ਐਲਾਨ ਕੀਤਾ ਕਿ ਚੀਨ ਵਿਕਾਸਸ਼ੀਲ ਮੁਲਕਾਂ ਨੂੰ ਕੋਵਿਡ-19 ਦੀਆਂ 10 ਕਰੋੜ ਹੋਰ ਖੁਰਾਕਾਂ ਦਾਨ ਕਰੇਗਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePGI Chandigarh ranked second best in NIRF rankings
Next articleAfghan embassies, including one in India, turn their back on Taliban