ਕਾਬੁਲ (ਸਮਾਜਵੀਕਲੀ) – ਅਫ਼ਗਾਨਿਸਤਾਨ ਦੇ ਉੱਤਰੀ ਬਲਖ਼ ਸੂਬੇ ਵਿਚ ਹਿੰਸਕ ਘਟਨਾਵਾਂ ’ਚ ਕਰੀਬ ਸੱਤ ਅਫਗਾਨ ਨਾਗਰਿਕਾਂ ਦੀ ਮੌਤ ਹੋ ਗਈ ਹੈ। ਅਫ਼ਗਾਨ ਅਧਿਕਾਰੀਆਂ ਮੁਤਾਬਕ ਤਾਲਿਬਾਨ ਖਾੜਕੂਆਂ ਨੇ ਸ਼ੋਲਗਾਰਾ ਜ਼ਿਲ੍ਹੇ ਵਿਚੋਂ ਨਾਗਰਿਕਾਂ ਨੂੰ ਮੰਗਲਵਾਰ ਬਾਅਦ ਦੁਪਹਿਰ ਅਗਵਾ ਕਰ ਲਿਆ ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।
ਹਾਲਾਂਕਿ ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਅਮਰੀਕਾ ਨਾਲ ਸ਼ਾਂਤੀ ਸਮਝੌਤਾ ਸਿਰੇ ਚੜ੍ਹਨ ਵਾਲਾ ਸੀ, ਪਰ ਅਮਰੀਕੀ ਧਿਰ ਨੇ ਸਮਝੌਤੇ ਦੇ ਨੇਮਾਂ ਦੀ ਉਲੰਘਣਾ ਕੀਤੀ। ਜਦਕਿ ਅਮਰੀਕਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਦੱਖਣੀ ਕੰਧਾਰ ਸੂਬੇ ਵਿਚ ਦਮਨ ਜ਼ਿਲ੍ਹੇ ਵਿਚ ਮੋਰਟਾਰ ਹਮਲੇ ’ਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਤੇ ਪੰਜ ਹੋਰ ਗੰਭੀਰ ਜ਼ਖ਼ਮੀ ਹੋ ਗਏ। ਤਾਲਿਬਾਨ ਨੇ ਹਮਲੇ ਦਾ ਜ਼ਿੰਮਾ ਅਮਰੀਕੀ ਬਲਾਂ ਸਿਰ ਮੜ੍ਹਿਆ ਹੈ। ਤਾਲਿਬਾਨ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਹਮਲਾ ਡਰੋਨ ਨਾਲ ਕੀਤਾ ਗਿਆ ਸੀ। ਅਮਰੀਕੀ ਫ਼ੌਜ ਨੇ ਇਲਜ਼ਾਮ ਤੋਂ ਮੁੱਕਰਦਿਆਂ ਕਿਹਾ ਕਿ ਇਸ ਇਲਾਕੇ ’ਚ ਇਸ ਤਰ੍ਹਾਂ ਦਾ ਕੋਈ ਹਥਿਆਰ ਨਹੀਂ ਵਰਤਿਆ ਗਿਆ। ਸੂਬੇ ਦੇ ਗਵਰਨਰ ਦੇ ਬੁਲਾਰੇ ਬਹੀਰ ਅਹਿਮਦੀ ਨੇ ਕਿਹਾ ਕਿ ਹਮਲੇ ਦੀ ਜਾਂਚ ਵਿੱਢੀ ਗਈ ਹੈ।
ਅਮਰੀਕੀ ਕਰਨਲ ਸੋਨੀ ਲੈੱਗਟ ਨੇ ਕਿਹਾ ਕਿ ਉਹ ਤਾਲਿਬਾਨ ਨੂੰ ਹਿੰਸਾ ਤੋਂ ਗੁਰੇਜ਼ ਕਰਨ ਲਈ ਕਹਿੰਦੇ ਹਨ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਵੀ ਇਸ ਵੇਲੇ ਕਰੋਨਾਵਾਇਰਸ ਨਾਲ ਜੂਝ ਰਿਹਾ ਹੈ। ਹੁਣ ਤੱਕ 14 ਮੌਤਾਂ ਹੋ ਚੁੱਕੀਆਂ ਹਨ ਤੇ ਪੁਸ਼ਟੀ ਹੋਏ ਕੇਸਾਂ ਦੀ ਗਿਣਤੀ 423 ਹੈ।