ਜਲਾਲਾਬਾਦ (ਸਮਾਜ ਵੀਕਲੀ) :ਇਸਲਾਮਿਕ ਸਟੇਟ ਦੇ ਜਹਾਦੀਆਂ ਵੱਲੋਂ ਪੂਰਬੀ ਅਫ਼ਗਾਨਿਸਤਾਨ ਦੀ ਜੇਲ੍ਹ ’ਤੇ ਕੀਤੇ ਗਏ ਹਮਲੇ ’ਚ 29 ਵਿਅਕਤੀ ਮਾਰੇ ਗਏ ਅਤੇ 50 ਜ਼ਖ਼ਮੀ ਹੋ ਗਏ। ਜੇਲ੍ਹ ’ਚ ਇਸਲਾਮਿਕ ਸਟੇਟ ਦੇ ਕਈ ਮੈਂਬਰ ਬੰਦ ਹਨ।
ਨੰਗਰਹਾਰ ਸੂਬੇ ਦੀ ਰਾਜਧਾਨੀ ਜਲਾਲਬਾਦ ਦੀ ਜੇਲ੍ਹ ’ਤੇ ਐਤਵਾਰ ਨੂੰ ਉਸ ਸਮੇਂ ਹਮਲਾ ਹੋਇਆ ਜਦੋਂ ਫਿਦਾਈਨ ਨੇ ਧਮਾਕਾਖ਼ੇਜ਼ ਸਮੱਗਰੀ ਨਾਲ ਭਰੀ ਕਾਰ ਦੀ ਜੇਲ੍ਹ ਦੇ ਦਰਵਾਜ਼ੇ ਨਾਲ ਟੱਕਰ ਮਾਰ ਦਿੱਤੀ। ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨੇ ਗਾਰਡਾਂ ’ਤੇ ਗੋਲੀਆਂ ਚਲਾਈਆਂ ਅਤੇ ਉਹ ਜੇਲ੍ਹ ਅੰਦਰ ਦਾਖ਼ਲ ਹੋ ਗਏ। ਸੁਰੱਖਿਆ ਬਲਾਂ ਨੇ ਕਈ ਘੰਟਿਆਂ ਦੇ ਮੁਕਾਬਲੇ ਮਗਰੋਂ ਜੇਲ੍ਹ ’ਤੇ ਮੁੜ ਕਬਜ਼ਾ ਕਰ ਲਿਆ।
ਉਂਜ ਗਵਰਨਰ ਦੇ ਦਫ਼ਤਰ ਨੇੜਲੀਆਂ ਇਮਾਰਤਾਂ ਤੋਂ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਸੂਬੇ ਦੇ ਗਵਰਨਰ ਦੇ ਤਰਜਮਾਨ ਅਤਾਉੱਲ੍ਹਾ ਖੋਗਯਾਨੀ ਨੇ ਦੱਸਿਆ ਕਿ ਮ੍ਰਿਤਕਾਂ ’ਚ ਆਮ ਨਾਗਰਿਕ, ਗਾਰਡ ਅਤੇ ਅਫ਼ਗਾਨ ਸੁਰੱਖਿਆ ਬਲਾਂ ਦੇ ਜਵਾਨ ਸ਼ਾਮਲ ਹਨ। ਖੁਰਾਸਾਨ ਸੂਬੇ ’ਚ ਆਈਐੱਸ ਵਜੋਂ ਜਾਣੇ ਜਾਂਦੇ ਇਸਲਾਮਿਕ ਸਟੇਟ ਦੇ ਧੜੇ ਨੇ ਹਮਲੇ ਦੀ ਜ਼ਿੰਮਵੇਾਰੀ ਲਈ ਹੈ। ਹਮਲੇ ਦਾ ਕਾਰਨ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਉਂਜ ਹਮਲੇ ਦੌਰਾਨ 1500 ਕੈਦੀਆਂ ’ਚੋਂ ਕੁਝ ਫ਼ਰਾਰ ਹੋ ਗਏ ਸਨ।
ਖੋਗਯਾਨੀ ਨੇ ਕਿਹਾ ਕਿ ਫ਼ਰਾਰ ਹੋਏ ਇਕ ਹਜ਼ਾਰ ਕੈਦੀਆਂ ’ਚੋਂ ਜ਼ਿਆਦਾਤਰ ਨੂੰ ਸੁਰੱਖਿਆ ਬਲਾਂ ਨੇ ਲੱਭ ਲਿਆ ਹੈ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਅਧਿਕਾਰੀਆਂ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਅਫ਼ਗਾਨ ਵਿਸ਼ੇਸ਼ ਬਲਾਂ ਨੇ ਜਲਾਲਾਬਾਦ ਨੇੜੇ ਇਸਲਾਮਿਕ ਸਟੇਟ ਦੇ ਸੀਨੀਅਰ ਕਮਾਂਡਰ ਨੂੰ ਮਾਰ ਮੁਕਾਇਆ ਹੈ। ਤਾਲਿਬਾਨ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਜਲਾਲਾਬਾਦ ਦੀ ਜੇਲ੍ਹ ’ਤੇ ਹਮਲਾ ਨਹੀਂ ਕੀਤਾ ਹੈ। ਤਾਲਿਬਾਨ ਨੇ ਬਕਰੀਦ ਮੌਕੇ ਸੋਮਵਾਰ ਤੋਂ ਤਿੰਨ ਦਿਨਾਂ ਲਈ ਗੋਲੀਬੰਦੀ ਦਾ ਐਲਾਨ ਕੀਤਾ ਹੋਇਆ ਹੈ।