ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗ਼ਨੀ ਨੇ ਕਿਹਾ ਹੈ ਕਿ ਸੱਤ ਦਿਨਾਂ ਤੱਕ ਅੰਸ਼ਕ ਯੁੱਧਬੰਦੀ ਜਾਰੀ ਰਹੇਗੀ ਪਰ ਉਨ੍ਹਾਂ ਅਮਰੀਕੀ-ਤਾਲਿਬਾਨ ਸਮਝੌਤੇ ਦੀ ਉਸ ਤਜਵੀਜ਼ ਨੂੰ ਰੱਦ ਕਰ ਦਿੱਤਾ ਜਿਸ ਮੁਤਾਬਕ ਹਜ਼ਾਰਾਂ ਬਾਗ਼ੀ ਕੈਦੀਆਂ ਦੀ ਰਿਹਾਈ ਦੀ ਸ਼ਰਤ ਰੱਖੀ ਗਈ ਹੈ। ਸ਼ਨਿਚਰਵਾਰ ਨੂੰ ਦੋਹਾ ਵਿੱਚ ਅਮਰੀਕਾ ਤੇ ਤਾਲਿਬਾਨ ’ਚ ਹੋਏ ਸਮਝੌਤੇ ਤੋਂ ਹਫ਼ਤਾ ਪਹਿਲਾਂ ਤੱਕ ਕਥਿਤ ‘ਹਿੰਸਾ ’ਚ ਕਮੀ’ ਵਾਲਾ ਸਮਾਂ ਚੱਲ ਰਿਹਾ ਹੈ। ਉਨ੍ਹਾਂ ਇੱਕ ਮੀਡੀਆ ਕਾਨਫਰੰਸ ਮੌਕੇ ਕਿਹਾ,‘ਹਿੰਸਾ ’ਚ ਕਮੀ ਯੁੱਧਬੰਦੀ ਦਾ ਟੀਚਾ ਹਾਸਲ ਕਰਨ ਤੱਕ ਜਾਰੀ ਰਹੇਗੀ।’
ਉਨ੍ਹਾਂ ਅਫ਼ਗਾਨਿਸਤਾਨ ਵਿੱਚ ਵਿਦੇਸ਼ੀ ਸੈਨਾ ਮੁਖੀ ਅਮਰੀਕੀ ਕਮਾਂਡਰ ਦਾ ਜ਼ਿਕਰ ਕਰਦਿਆਂ ਕਿਹਾ,‘ਜਨਰਲ (ਸਕਾਟ) ਮਿਲਰ ਨੇ ਤਾਲਿਬਾਨ ਨੂੂੰ ਅਜਿਹਾ ਕਰਨ ਲਈ ਆਖਿਆ ਹੈ। ਇਹ ਜਾਰੀ ਰਹਿਣ ਦੀ ਉਮੀਦ ਹੈ।’ ਹਾਲਾਂਕਿ ਉਨ੍ਹਾਂ ਸਮਝੌਤੇ ਦੀ ਉਸ ਸ਼ਰਤ ਦਾ ਸਮਰਥਨ ਨਾ ਕਰਨ ਲਈ ਕਿਹਾ ਜਿਸ ਮੁਤਾਬਕ ਤਾਲਿਬਾਨ ਦੇ 1000 ਕੈਦੀ ਤੇ ਅਫ਼ਗਾਨ ਦੇ 5,000 ਕੈਦੀ ਰਿਹਾਅ ਕਰਨ ਦੀ ਗੱਲ ਆਖੀ ਗਈ ਹੈ। ਇਸ ਦੌਰਾਨ ਪਾਕਿਸਤਾਨ ਨੇ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਇਤਿਹਾਸਕ ਸਮਝੌਤੇ ਦਾ ਸੁਆਗਤ ਕੀਤਾ ਹੈ। ਪਾਕਿਸਤਾਨ ਨੇ ਕਿਹਾ ਕਿ ਇਸ ਨਾਲ 18 ਸਾਲਾਂ ਦੀ ਜੰਗ ਤੋਂ ਬਾਅਦ ਅਫ਼ਗਾਨਿਸਤਾਨ ’ਚ ਸ਼ਾਂਤੀ ਸਥਾਪਤ ਹੋਵੇਗੀ ਅਤੇ ਆਸ ਕੀਤੀ ਕਿ ਅਫ਼ਗਾਨੀ ਗੁੱਟ ਇਸ ਮੌਕੇ ਦਾ ਲਾਹਾ ਲੈਣਗੇ। ਕੌਮਾਂਤਰੀ ਭਾਈਚਾਰੇ ਨੇ ਵੀ ਇਸ ਸਮਝੌਤੇ ਦਾ ਸੁਆਗਤ ਕਰਦਿਆਂ ਕਿਹਾ ਹੈ ਕਿ ਇਹ ਅਫ਼ਗਾਨਿਸਤਾਨ ਵਿੱਚ ਰਾਜਸੀ ਸਥਿਰਤਾ ਕਾਇਮ ਕਰਨ ਦੀ ਦਿਸ਼ਾ ’ਚ ਅਹਿਮ ਕਦਮ ਹੋਵੇਗਾ।
HOME ਅਫ਼ਗਾਨਿਸਤਾਨ ’ਚ ਅੰਸ਼ਕ ਯੁੱਧਬੰਦੀ ਜਾਰੀ ਰਹੇਗੀ: ਗ਼ਨੀ