ਅਫ਼ਗ਼ਾਨ ਜੇਲ੍ਹ ’ਤੇ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਦਾ ਹਮਲਾ, 21 ਮੌਤਾਂ

ਕਾਬੁਲ (ਸਮਾਜ ਵੀਕਲੀ) : ਪੂਰਬੀ ਨੰਗਰਹਾਰ ਸੂਬੇ ਦੀ ਜੇਲ੍ਹ ਵਿੱਚ ਐਤਵਾਰ ਨੂੰ ਸ਼ੁਰੂ ਹੋਇਆ ਦਹਿਸ਼ਤੀ ਹਮਲਾ ਸੋਮਵਾਰ ਨੂੰ ਵੀ ਜਾਰੀ ਰਿਹਾ ਤੇ ਹੁਣ ਤੱਕ ਇਸ ਹਮਲੇ ਵਿੱਚ 21 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਜੇਲ੍ਹ ਵਿੱਚ ਇਸ ਦਹਿਸ਼ਤੀ ਸਮੂਹ ਦੇ ਸੈਂਕੜੇ ਮੈਂਬਰ ਬੰਦ ਹਨ। ਹਮਲਾ ਐਤਵਾਰ ਸ਼ਾਮ ਨੂੰ ਸ਼ੁਰੂ ਹੋਇਆ ਸੀ ਤੇ ਹੁਣ ਤੱਕ 43 ਵਿਅਕਤੀ ਜ਼ਖ਼ਮੀ ਹੋਏ ਹਨ। ਸੂਬੇ ਦੇ ਗਵਰਨਰ ਅਤਾਉੱਲ੍ਹਾ ਖੋਗਯਾਨੀ ਨੇ ਦੱੱਸਿਆ ਕਿ ਸੁਰੱਖਿਆ ਦਸਤਿਆਂ ਨੇ ਤਿੰਨ ਹਮਲਾਵਰਾਂ ਨੂੰ ਮਾਰ ਸੁੱਟਿਆ ਹੈ।

ਸੋਮਵਾਰ ਨੂੰ ਵੀ ਸੰਘਰਸ਼ ਜਾਰੀ ਸੀ ਤੇ ਜੇਲ੍ਹ ਅਹਾਤੇ ਵਿੱਚ ਰੁਕ ਰੁਕ ਕੇ ਗੋਲੀਬਾਰੀ ਹੋ ਰਹੀ ਸੀ। ਖੋਗਯਾਨੀ ਨੇ ਕਿਹਾ ਕਿ ਮਰਨ ਵਾਲਿਆਂ ’ਚ ਜੇਲ੍ਹ ਦੇ ਕੁਝ ਕੈਦੀਆਂ ਤੋਂ ਇਲਾਵਾ ਆਮ ਨਾਗਰਿਕ, ਜੇਲ੍ਹ ਦੇ ਗਾਰਡ ਤੇ ਅਫ਼ਗ਼ਾਨ ਸੁਰੱਖਿਆ ਕਰਮੀ ਸ਼ਾਮਲ ਹਨ। ਹਮਲੇ ਦੀ ਸ਼ੁਰੂਆਤ ਜੇਲ੍ਹ ਦੇ ਦਾਖ਼ਲਾ ਗੇਟ ’ਤੇ ਇਕ ਫਿਦਾਈਨ ਵੱਲੋਂ ਕੀਤੇ ਕਾਰ ਬੰਬ ਧਮਾਕੇ ਨਾਲ ਹੋਈ ਸੀ। ਹਮਲਾਵਰਾਂ ਦੀ ਗਿਣਤੀ ਬਾਰੇ ਅਜੇ ਤਕ ਕੁਝ ਵੀ ਸਪਸ਼ਟ ਨਹੀਂ ਹੈ। ਉਂਜ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨਾਲ ਜੁੜੇ ਸਮੂਹ ਨੇ ਲਈ ਹੈ, ਜਿਸ ਨੂੰ ਖੁਰਾਸਾਨ ਸੂਬੇ ਵਿੱਚ ਆਈਐੱਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹਮਲੇ ਕਰਕੇ ਕਈ ਕੈਦੀ ਵੀ ਜੇਲ੍ਹ ’ਚੋਂ ਫਰਾਰ ਹੋ ਗਏ। ਜੇਲ੍ਹ ਵਿੱਚ 1500 ਦੇ ਕਰੀਬ ਕੈਦੀ ਹਨ।

Previous articleਨੋਬੇਲ ਅਮਨ ਪੁਰਸਕਾਰ ਜੇਤੂ ਆਗੂ ਜੌਹਨ ਹਿਊਮ ਦੀ ਮੌਤ
Next articleਕੌਸ਼ਿਕ ਤੇ ਸੰਦੀਪ ਸਾਂਗਵਾਨ ਵੱਲੋਂ ਹਾਕੀ ਸਟੇਡੀਅਮ ਦਾ ਦੌਰਾ