ਲੁਧਿਆਣਾ- ਸਨਅਤੀ ਸ਼ਹਿਰ ਦੀ ਪੁਲੀਸ ਦੇ ਕੰਟਰੋਲ ਰੂਮ ’ਤੇ ਇੱਕ ਨੌਜਵਾਨ ਦਾ ਫੋਨ ਆਇਆ ਕਿ ਆਲੂ ਮੰਡੀ ਵਿੱਚ ਬੰਬ ਬਣਾਏ ਜਾ ਰਹੇ ਹਨ। ਇਸ ਫੋਨ ਕਾਲ ਤੋਂ ਬਾਅਦ ਲੁਧਿਆਣਾ ਪੁਲੀਸ ਨੂੰ ਭਾਜੜਾਂ ਪੈ ਗਈਆਂ, ਪੁਲੀਸ ਨੇ ਇਸ ਫੋਨ ਦੇ ਆਧਾਰ ’ਤੇ ਆਲੂ ਮੰਡੀ ਵਿੱਚ ਤਫ਼ਤੀਸ਼ ਕੀਤੀ। ਜਦੋਂ ਉਥੇ ਕੁਝ ਨਹੀਂ ਮਿਲਿਆ ਤਾਂ ਪੁਲੀਸ ਨੇ ਫੋਨ ਕਰਨ ਵਾਲੇ ਦੇ ਨੰਬਰ ਦੀ ਜਾਂਚ ਕੀਤੀ। ਜਿਸ ਤੋਂ ਪੁਲੀਸ ਨੇ ਮਾਮਲੇ ਦੀ ਜਾਂਚ ਕੀਤੀ ਤੇ ਫੋਨ ਕਰਨ ਵਾਲੇ ਦਾ ਪਤਾ ਲਾਇਆ ਤਾਂ ਕਿ ਪਤਾ ਲੱਗਿਆ ਕਿ ਉਸਨੇ ਝੂਠੀ ਸੂਚਨਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੂਚਨਾ ਦੇਣ ਵਾਲਾ ਨੌਜਵਾਨ ਪਰਵਾਸੀ ਹੈ ਤੇ ਉਸਨੇ ਨਸ਼ੇ ਦੀ ਹਾਲਤ ’ਚ ਪੁਲੀਸ ਨੂੰ ਗਲਤ ਸੂਚਨਾ ਦਿੱਤੀ। ਪੁਲੀਸ ਨੇ ਇਸ ਮਾਮਲੇ ’ਚ ਜਲੰਧਰ ਬਾਈਪਾਸ ਦੇ ਕੋਲ ਮਸਕੀਨ ਨਗਰ ਦੇ ਰਹਿਣ ਵਾਲੇ ਅਮਿਤ ਮਹਾਤੋਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੱਤਰਕਾਰ ਮਿਲਣੀ ਦੌਰਾਨ ਏਡੀਸੀਪੀ ਜਾਂਚ ਹਰੀਸ਼ ਦਾਇਮਾ ਨੇ ਦੱਸਿਆ ਕਿ ਮੰਗਲਵਾਰ ਦੀ ਸ਼ਾਮ 5 ਵਜੇ ਦੇ ਕਰੀਬ ਕੰਟਰੋਲ ਰੂਮ ’ਚ ਫੋਨ ਆਇਆ। ਫੋਨ ਕਰਨ ਵਾਲਿਆਂ ਨੇ ਦੱਸਿਆ ਕਿ ਆਲੂ ਮੰਡੀ ਵਿੱਚ ਕੋਈ ਵਿਅਕਤੀ ਬੰਬ ਬਣਾ ਰਿਹਾ ਹੈ। ਬੰਬ ਦੀ ਸੂਚਨਾ ਮਿਲਦੇ ਹੀ ਪੁਲੀਸ ਦੀਆਂ ਟੀਮਾਂ ਉਥੇਂ ਪੁੱਜ ਗਈਆਂ ਤੇ ਪੂਰੀ ਆਲੂ ਮੰਡੀ ਖੰਗਾਲ ਦਿੱਤੀ। ਜਿਸ ਤੋਂ ਬਾਅਦ ਪਤਾ ਲੱਗਿਆ ਕਿ ਸੂਚਨਾ ਗਲਤ ਸੀ। ਪੁਲੀਸ ਨੇ ਜਿਸ ਨੰਬਰ ਤੋਂ ਫੋਨ ਆਇਆ ਸੀ, ਉਸ ਨੰਬਰ ’ਤੇ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਸੂਚਨਾ ਵਿਅਕਤੀ ਨੇ ਗਲਤ ਦਿੱਤੀ ਸੀ। ਜਦੋਂ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਨਸ਼ੇ ਦੀ ਹਾਲਤ ’ਚ ਸੀ ਤੇ ਉਸਨੇ ਕਿਹਾ ਕਿ ਉਹ ਨਸ਼ੇ ਦੀ ਹਾਲਤ ’ਚ ਪੁਲੀਸ ਕੰਟਰੋਲ ਰੂਮ ਨੂੰ ਫੋਨ ਕਰ ਬੈਠਿਆ। ਹਰੀਸ਼ ਨੇ ਦੱਸਿਆ ਕਿ ਮੁਲਜ਼ਮ ਮੂਲ ਰੂਪ ’ਚ ਬਿਹਾਰ ਦੇ ਜ਼ਿਲ੍ਹਾ ਬੇਗੂਸਰਾਏ ਸਥਿਤ ਪਿੰਡ ਸਮਸਾ ਦੇ ਵਾਰਡ ਨੰ. 16 ਦਾ ਰਹਿਣ ਵਾਲਾ ਸੀ। ਪੁਲੀਸ ਜਾਂਚ ’ਚ ਲੱਗੀ ਹੋਈ ਹੈ ਕਿ ਮੁਲਜ਼ਮ ਦਾ ਫੋਨ ਕਰਨ ਦਾ ਮਕਸਦ ਕੀ ਸੀ।
ਲੁਧਿਆਣਾ: ਵਾਰ ਵਾਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਵੀ ਪੁਲੀਸ ਦੀ ਅੱਖਾਂ ਤੋਂ ਬਚਣਾ ਮੁਸ਼ਕਿਲ ਹੋਵੇਗਾ। ਕਮਿਸ਼ਨਰੇਟ ਪੁਲੀਸ ਹੁਣ ਯੋਜਨਾ ਕਰ ਰਹੀ ਹੈ ਕਿ ਜਮਾਨਤ ’ਤੇ ਬਾਹਰ ਆਉਣ ਵਾਲੇ ਹਰ ਕੈਦੀ ਨੂੰ ਆਪਣੇ ਇਲਾਕੇ ਦੇ ਥਾਣੇ ’ਚ ਬਾਇਓਮੈਟਰਿਕ ਹਾਜ਼ਰੀ ਦੇਣੀ ਪਵੇਗੀ। ਇਸ ਲਈ ਪੁਲੀਸ ਨੇ ਪੂਰੀ ਯੋਜਨਾ ਤਿਆਰ ਕਰ ਲਈ ਹੈ। ਪੁਲੀਸ ਨੇ ਅਜਿਹੇ 700 ਮੁਲਜ਼ਮਾਂ ਦੀ ਸੂਚੀ ਤਿਆਰ ਕਰ ਲਈ ਹੈ, ਜੋ ਜਮਾਨਤ ’ਤੇ ਬਾਹਰ ਆ ਕੇ ਫਿਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪੁਲੀਸ ਇਨ੍ਹਾਂ ਮੁਲਜ਼ਮਾਂ ਦੇ ਹਾਜ਼ਰੀ ਰਜਿਸਟਰ ’ਤੇ ਨਹੀਂ ਬਲਕਿ ਬਾਇਓਮੈਟ੍ਰਿਕ ਮਸ਼ੀਨ ’ਤੇ ਲਵੇਗੀ। ਅਪਰਾਧੀ ਪੁਲੀਸ ਮੁਲਾਜ਼ਮਾਂ ਦੇ ਨਾਲ ਮਿਲ ਕੇ ਹਾਜ਼ਰੀ ਲਵਾਉਣ ਦੀ ਬਜਾਏ ਸਿੱਧਾ ਥਾਣੇ ’ਚ ਜਾਵੇਗਾ ਤੇ ਹਾਜ਼ਰੀ ਲਾ ਕੇ ਵਾਪਸ ਚਲਾ ਜਾਵੇਗਾ। ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਸ਼ਹਿਰ ’ਚ ਅਜਿਹੇ 700 ਤੋਂ ਜ਼ਿਆਦਾ ਅਪਰਾਧੀ ਹਨ, ਜਿੰਨ੍ਹਾਂ ’ਤੇ ਇੱਕ ਦੋ ਤੋਂ ਉਪਰ ਅਪਰਾਧਿਕ ਕੇਸ ਦਰਜ ਹਨ ਤੇ ਉਹ ਜ਼ਮਾਨਤ ’ਤੇ ਬਾਹਰ ਆ ਕੇ ਫਿਰ ਵਾਰਦਾਤਾਂ ਕਰ ਰਹੇ ਹਨ।