ਇਕ ਹੋਰ ਮੇਜਰ ਸਣੇ ਤਿੰਨ ਜ਼ਖ਼ਮੀ;
ਸੁਰੱਖਿਆ ਬਲਾਂ ਨੇ ਅਣਪਛਾਤਾ ਪਾਕਿਸਤਾਨੀ ਦਹਿਸ਼ਤਗਰਦ ਮਾਰ ਮੁਕਾਇਆ;
ਹਥਿਆਰ ਤੇ ਗੋਲੀਸਿੱਕਾ ਬਰਾਮਦ
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਦਰਮਿਆਨ ਹੋਏ ਮੁਕਾਬਲੇ ਵਿੱਚ ਫ਼ੌਜ ਦਾ ਮੇਜਰ ਸ਼ਹੀਦ ਹੋ ਗਿਆ। ਮੁਕਾਬਲੇ ਦੌਰਾਨ ਜ਼ਖ਼ਮੀ ਹੋਣ ਵਾਲਿਆਂ ’ਚ ਫ਼ੌਜ ਦਾ ਇਕ ਮੇਜਰ ਤੇ ਦੋ ਜਵਾਨ ਸ਼ਾਮਲ ਹਨ। ਜ਼ਖ਼ਮੀਆਂ ਨੂੰ ਫ਼ੌਜ ਦੇ ਸ੍ਰੀਨਗਰ ਸਥਿਤ 92 ਬੇਸ ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦੁਵੱਲੀ ਗੋਲੀਬਾਰੀ ਵਿੱਚ ਇਕ ਅਣਪਛਾਤਾ ਪਾਕਿਸਤਾਨੀ ਦਹਿਸ਼ਤਗਰਦ ਵੀ ਮਾਰਿਆ ਗਿਆ। ਸ਼ਹੀਦ ਮੇਜਰ ਦੀ ਪਛਾਣ 19 ਰਾਸ਼ਟਰੀ ਰਾਈਫ਼ਲਜ਼ ਦੇ ਕੇਤਨ ਸ਼ਰਮਾ ਵਜੋਂ ਹੋਈ ਹੈ ਜਦੋਂਕਿ ਜ਼ਖ਼ਮੀ ਮੇਜਰ ਦਾ ਨਾਂ ਰਾਹੁਲ ਵਰਮਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਸ਼ਹਿਰ ਤੋਂ ਕਰੀਬ 67 ਕਿਲੋਮੀਟਰ ਦੂਰ ਅਨੰਤਨਾਗ ਜ਼ਿਲ੍ਹੇ ਦੇ ਅਚਬਲ ਖੇਤਰ ਦੇ ਬਿਦੂਰਾ ਪਿੰਡ ਵਿੱਚ ਦਹਿਸ਼ਤਗਰਦਾਂ ਨਾਲ ਹੋਏ ਮੁਕਾਬਲੇ ਵਿੱਚ ਕੈਪਟਨ ਰੈਂਕ ਦਾ ਅਧਿਕਾਰੀ ਸ਼ਹੀਦ ਹੋ ਗਿਆ, ਜਦੋਂਕਿ ਮੇਜਰ ਰੈਂਕ ਦਾ ਇਕ ਅਧਿਕਾਰੀ ਤੇ ਦੋ ਫ਼ੌਜੀ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਤੇ ਹੋਰ ਗੋਲੀਸਿੱਕਾ ਵੀ ਬਰਾਮਦ ਹੋਇਆ ਹੈ। ਮੁਕਾਬਲੇ ਦੌਰਾਨ ਮਾਰੇ ਗਏ ਦਹਿਸ਼ਤਗਰਦ ਦੀ ਪਛਾਣ ਤੇ ਉਹ ਕਿਸ ਜਥੇਬੰਦੀ ਨਾਲ ਜੁੜਿਆ ਹੋਇਆ ਸੀ, ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੈ। ਅਧਿਕਾਰੀਆਂ ਮੁਤਾਬਕ ਉਨ੍ਹਾਂ ਅੱਜ ਸਵੇਰੇ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢੀ ਸੀ ਕਿ ਇਸ ਦੌਰਾਨ ਲੁਕੇ ਬੈਠੇ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦਾ ਸੁਰੱਖਿਆ ਬਲਾਂ ਨੇ ਢੁਕਵਾਂ ਜਵਾਬ ਦਿੱਤਾ।