ਅਨੰਤਨਾਗ (ਸਮਾਜਵੀਕਲੀ) : ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ ਦੋ ਦਹਿਸ਼ਤਗਰਦ ਮਾਰੇ ਗਏ ਹਨ। ਇਨ੍ਹਾਂ ਵਿਚੋਂ ਇਕ ਪਾਕਿਸਤਾਨੀ ਨਾਗਰਿਕ ਸੀ। ਮੁਕਾਬਲੇ ਦੌਰਾਨ ਇਕ ਔਰਤ ਜ਼ਖ਼ਮੀ ਹੋ ਗਈ। ਮਾਰੇ ਗਏ ਦਹਿਸ਼ਤਗਰਦਾਂ ਵਿਚੋਂ ਇਕ ਦੀ ਸ਼ਨਾਖ਼ਤ ਨਸੀਰ ਉਰਫ਼ ਸ਼ਾਹਬਾਜ਼ ਉਰਫ਼ ਬਾਜ਼ ਬਾਈ ਵਜੋਂ ਹੋਈ ਹੈ।
ਪੁਲੀਸ ਦੇ ਬੁਲਾਰੇ ਮੁਤਾਬਕ ਉਹ ਪਾਕਿ ਨਾਗਰਿਕ ਸੀ ਤੇ ‘ਏ’ ਕੈਟਾਗਿਰੀ ਦਾ ਅਤਿਵਾਦੀ ਸੀ। ਦੂਜੇ ਦਹਿਸ਼ਤਗਰਦ ਦੀ ਅਜੇ ਸ਼ਨਾਖ਼ਤ ਨਹੀਂ ਹੋ ਸਕੀ ਹੈ। ਬਲਾਂ ਨੇ ਸੋਮਵਾਰ ਸਵੇਰੇ ਅਨੰਤਨਾਗ ਦੇ ਸ੍ਰੀਗੁਫ਼ਵਾੜਾ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਸੀ। ਪੂਰੇ ਇਲਾਕੇ ਨੂੰ ਘੇਰਾ ਪਾਇਆ ਗਿਆ ਤੇ ਅਤਿਵਾਦੀਆਂ ਨੂੰ ਸਮਰਪਣ ਕਰਨ ਲਈ ਕਿਹਾ ਗਿਆ। ਇਸੇ ਦੌਰਾਨ ਉਨ੍ਹਾਂ ਸੁਰੱਖਿਆ ਬਲਾਂ ਉਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬਲਾਂ ਵੱਲੋਂ ਕੀਤੀ ਜਵਾਬੀ ਕਾਰਵਾਈ ’ਚ ਦੋਵੇਂ ਅਤਿਵਾਦੀ ਮਾਰੇ ਗਏ।
ਮੁਕਾਬਲੇ ਦੌਰਾਨ ਇਕ ਔਰਤ ਫੱਟੜ ਹੋ ਗਈ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਸਥਿਰ ਹੈ। ਅਤਿਵਾਦੀਆਂ ਦੀਆਂ ਦੇਹਾਂ ਬਲਾਂ ਨੇ ਕਬਜ਼ੇ ਵਿਚ ਲੈ ਲਈਆਂ ਹਨ ਤੇ ਘਟਨਾ ਵਾਲੀ ਥਾਂ ਤੋਂ ਵੱਡੀ ਗਿਣਤੀ ’ਚ ਅਸਲਾ ਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਕੋਵਿਡ-19 ਦੇ ਮੱਦੇਨਜ਼ਰ ਦੇਹਾਂ ਨੂੰ ਬਾਰਾਮੂਲਾ ਭੇਜਿਆ ਗਿਆ ਹੈ ਤੇ ਜਿੱਥੇ ਮੈਡੀਕਲ ਤੇ ਕਾਨੂੰਨੀ ਕਾਰਵਾਈ ਮਗਰੋਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ।