ਕੇਵੜੀਆ- ਕੌਮੀ ਏਕਤਾ ਦਿਹਾੜੇ ਮੌਕੇ ਅੱਜ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਅਨੇਕਤਾ ਵਿਚ ਏਕਤਾ ਸਾਡਾ ਮਾਣ ਹੈ ਤੇ ਧਾਰਾ 370 ਜੰਮੂ ਤੇ ਕਸ਼ਮੀਰ ਦੇ ਵਿਕਾਸ ਵਿੱਚ ਕੰਧ ਬਣ ਦੇ ਅੜਿੱਕਾ ਬਣ ਰਹੀ ਸੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਮਿਲੇ ਵਿਸ਼ੇਸ਼ ਦਰਜੇ ਦੀ ਵਿਵਸਥਾ ਨਾਲ ਰਾਜ ਵਿੱਚ ਸਿਰਫ਼ ਵੱਖਵਾਦ ਤੇ ਅਤਿਵਾਦ ਹੀ ਵਧਿਆ ਫੁਲਿਆ। ਸ੍ਰੀ ਮੋਦੀ ਇਥੇ ‘ਸਟੈਚੂ ਆਫ਼ ਯੂਨਿਟੀ’ ਵਿਖੇ ਪਟੇਲ ਦੀ 144ਵੀਂ ਜਨਮ ਵਰ੍ਹੇਗੰਢ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕੌਮੀ ਏਕਤਾ ਦਿਹਾੜੇ ਮੌਕੇ ਹਾਜ਼ਰੀਨ ਨੂੰ ‘ਕੌਮੀ ਏਕਤਾ ਸਹੁੰ’ ਚੁੱਕਣ ਲਈ ਵੀ ਪ੍ਰੇਰਿਆ।
ਜੰਮੂ ਤੇ ਕਸ਼ਮੀਰ ਨੂੰ ਅੱਜ ਤੋਂ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਵੰਡੇ ਜਾਣ ਮੌਕੇ ਸ੍ਰੀ ਮੋਦੀ ਨੇ ਕਿਹਾ, ‘ਜੰਮੂ ਤੇ ਕਸ਼ਮੀਰ ਅਤੇ ਲੱਦਾਖ ਵਿਚਲੇ ਨਵੇਂ ਪ੍ਰਬੰਧ ਦਾ ਮਤਲਬ ਜ਼ਮੀਨ ਦੇ ਟੁਕੜੇ ’ਤੇ ਲਕੀਰ ਖਿੱਚਣਾ ਨਹੀਂ, ਬਲਕਿ ਭਰੋਸੇ ਦੀ ਮਜ਼ਬੂਤ ਤੰਦ ਉਸਾਰਨਾ ਹੈ।’ ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ‘ਦੇਸ਼ ਦੀ ਭਾਵੁਕ, ਆਰਥਿਕ ਤੇ ਸੰਵਿਧਾਨਕ ਅਖੰਡਤਾ’ ਲਈ ਕੰਮ ਕਰ ਰਹੀ ਹੈ, ਕਿਉਂਕਿ ਇਸ ਤੋਂ ਬਿਨਾਂ 21ਵੀਂ ਸਦੀ ਵਿੱਚ ਤਾਕਤਵਰ ਭਾਰਤ ਦੀ ਕਲਪਨਾ ਕੀਤੀ ਜਾਣੀ ਮੁਸ਼ਕਲ ਹੈ।’ ਸ੍ਰੀ ਮੋਦੀ ਨੇ ਪਾਕਿਸਤਾਨ ’ਤੇ ਚੁਟਕੀ ਲੈਂਦਿਆਂ ਕਿਹਾ ਕਿ ‘ਜਿਹੜੇ ਭਾਰਤ ਖ਼ਿਲਾਫ਼ ਜੰਗਾਂ ਨਹੀਂ ਜਿੱਤ ਸਕਦੇ’, ਉਹ ਇਸ ਦੀ ਏਕਤਾ ਨੂੰ ਤਬਾਹ ਕਰਨ ਦੇ ਯਤਨਾਂ ਵਿੱਚ ਹਨ। ਉਨ੍ਹਾਂ ਕਿਹਾ, ‘ਮੁਲਕ ਨੇ ਧਾਰਾ 370 ਨੂੰ ਮਨਸੂਖ਼ ਕਰਨ ਦਾ ਫੈਸਲਾ ਲਿਆ। ਇਸ ਧਾਰਾ ਨੇ ਸੂਬੇ ਨੂੰ ਸਿਰਫ਼ ਵੱਖਵਾਦ ਤੇ ਅਤਿਵਾਦ ਹੀ ਦਿੱਤਾ। ਪਿਛਲੇ ਤਿੰਨ ਦਹਾਕਿਆਂ ਵਿੱਚ 40 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।’
ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਖ਼ਤਮ ਕਰਨ ਬਾਰੇ ਫੈਸਲਾ ਲੈਣ ਦੀ ਪ੍ਰੇਰਨਾ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਕੋਲੋਂ ਮਿਲੀ। ਉਨ੍ਹਾਂ ਪਟੇਲ ਵੱਲੋਂ ਨਾਗਰਿਕ ਸੇਵਾਵਾਂ ਦੇ ਵਿਕਾਸ ਵਿੱਚ ਪਾਏ ਯੋਗਦਾਨ ਨੂੰ ਵੀ ਯਾਦ ਕੀਤਾ। ਮੋਦੀ ਨੇ ਕਿਹਾ, ‘ਅਨੇਕਤਾ ਵਿੱਚ ਏਕਤਾ ਸਾਡਾ ਮਾਣ ਤੇ ਸਾਡੀ ਪਛਾਣ ਹੈ। ਇੰਨੀ ਵੰਨ-ਸੁਵੰਨਤਾ ਦੇ ਬਾਵਜੂਦ ਸਾਡੀ ਏਕਤਾ ਨੂੰ ਦੇਖ ਕੇ ਕੁੱਲ ਆਲਮ ਹੈਰਾਨ ਹੈ।’ ਪ੍ਰਧਾਨ ਮੰਤਰੀ ਨੇ ਮਗਰੋਂ ‘ਏਕਤਾ ਪਰੇਡ’ ਵੀ ਵੇਖੀ, ਜਿਸ ਵਿੱਚ ਗੁਜਰਾਤ ਪੁਲੀਸ, ਜੰਮੂ ਤੇ ਕਸ਼ਮੀਰ ਪੁਲੀਸ, ਸੀਆਰਪੀਐਫ ਤੇ ਬੀਐੱਸਐਫ਼ ਦੇ ਜਵਾਨ ਸ਼ਾਮਲ ਸਨ। ਇਸ ਦੌਰਾਨ ਸ੍ਰੀ ਮੋਦੀ ਨੇ ਇਕ ਵੱਖਰੇ ਸਮਾਗਮ ਵਿੱਚ ਨੌਜਵਾਨ ਆਈਏਐੱਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਅਰਥਚਾਰੇ ਨੂੰ 2024-25 ਤਕ 5 ਖਰਬ ਡਾਲਰ ਦਾ ਬਣਾਉਣ ਲਈ ਇਸ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਲਈ ਪ੍ਰੇਰਿਆ।