ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੰਪਨੀਆਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਤਹਿਤ ਅਨਾਥ ਤੇ ਅਪਾਹਜ ਲੋਕਾਂ ਦੀ ਭਲਾਈ ਲਈ ਵੱਧ ਰਾਸ਼ੀ ਖਰਚ ਕਰਨ। ਉਨ੍ਹਾਂ ਕਿਹਾ ਕਿ ਸਮਾਜ ਭਲਾਈ ਦੀਆਂ ਗਤੀਵਿਧੀਆਂ ਨਾਲ ਆਮ ਲੋਕਾਂ ਵਿਚਾਲੇ ਉਨ੍ਹਾਂ ਦਾ ਸਨਮਾਨ ਵਧੇਗਾ। ਉਨ੍ਹਾਂ ਇੱਥੇ ਸੀਐੱਸਆਰ ਦੇ ਐਵਾਰਡ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੀਐੱਸਆਰ ਗਤੀਵਿਧੀਆਂ ਰਾਹੀਂ ਵਿਕਾਸ ਦੀਆਂ ਚੁਣੌਤੀਆਂ ਲਈ ਨਵੇਂ ਹੱਲ ਲੱਭੇ ਜਾ ਸਕਦੇ ਹਨ।
ਕੰਪਨੀ ਕਾਨੂੰਨ 2013 ਤਹਿਤ ਸੀਐੱਸਆਰ ਤਜਵੀਜ਼ਾਂ 1 ਅਪਰੈਲ 2014 ਤੋਂ ਲਾਗੂ ਹਨ। ਇਸ ਕਾਨੂੰਨ ਤਹਿਤ ਕੁਝ ਵਰਗਾਂ ’ਚ ਮੁਨਾਫ਼ੇ ਕਮਾਉਣ ਵਾਲੀਆਂ ਕੰਪਨੀਆਂ ਨੇ ਆਪਣੇ ਤਿੰਨ ਸਾਲ ਦੇ ਔਸਤ ਸ਼ੁੱਧ ਲਾਭ ਦਾ ਦੋ ਫੀਸਦ ਹਿੱਸਾ ਇੱਕ ਵਿੱਤੀ ਸਾਲ ’ਚ ਸੀਐੱਸਆਰ ਗਤੀਵਿਧੀਆਂ ’ਤੇ ਖਰਚ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ 2014-15 ’ਚ ਕੰਪਨੀਆਂ ਹਰ ਸਾਲ ਸੀਐੱਸਆਰ ’ਤੇ 10 ਹਜ਼ਾਰ ਕਰੋੜ ਰੁਪਏ ਖਰਚ ਕਰਦੀਆਂ ਹਨ। ਉਨ੍ਹਾਂ ਕਿਹਾ ਸਮਾਜ ਭਲਾਈ ਗਤੀਵਿਧੀਆਂ ’ਤੇ ਖਰਚ ਕਰਨ ਲਈ ਸਰੋਤ, ਇੱਛਾ ਸ਼ਕਤੀ ਤੇ ਰੂਪ-ਰੇਖਾ ਅਹਿਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਨਾਥਾਂ ਤੇ ਅਪਾਹਜਾਂ ’ਤੇ ਵੱਧ ਪੈਸਾ ਖਰਚ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਨੇ ਅਜਿਹੇ ਲੋਕਾਂ ਦੀ ਮਦਦ ਲਈ ਆਪਣੇ ਵੱਲੋਂ ਜੋ ਕਰਨਾ ਸੀ, ਉਹ ਕੀਤਾ ਪਰ ਕਾਰਪੋਰੇਟ ਖੇਤਰ ਉਨ੍ਹਾਂ ਲਈ ਕਾਫੀ ਕੁਝ ਹੋਰ ਵੀ ਕਰ ਸਕਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਹ ਨੇੜ ਭਵਿੱਖ ’ਚ ਅਜਿਹੀਆਂ ਯੋਜਨਾਵਾਂ ਬਣਾ ਸਕਦੇ ਹਨ ਕਿ ਜਿਸ ਨਾਲ ਹਰ ਅਨਾਥ ਬੱਚਿਆਂ ਦੀ ਸੰਭਾਲ ਹੋ ਸਕੇ। ਉਹ 2030 ਤੱਕ ਹਰ ਅਨਾਥ ਦੀ ਸੰਭਾਲ ਦਾ ਟੀਚਾ ਰੱਖ ਸਕਦੇ ਹਨ।
ਮਹਿਲਾ ਪੁਲੀਸ ਕਰਮੀ ਨੂੰ ਮਿਲੇ ਰਾਸ਼ਟਰਪਤੀ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਮਾਗਮ ਦੌਰਾਨ ਮੰਚ ਤੋਂ ਉੱਤਰ ਕੇ ਇੱਕ ਮਹਿਲਾ ਪੁਲੀਸ ਕਰਮੀ ਨੂੰ ਮਿਲਣ ਲਈ ਗਏ ਜੋ ਪੈਰ ਮੁੜ ਜਾਣ ਕਾਰਨ ਡਿੱਗ ਗਈ ਸੀ। ਮਹਿਲਾ ਪੁਲੀਸ ਕਰਮੀ ਵਿਗਿਆਨ ਭਵਨ ’ਚ ਕੌਮੀ ਸੀਐੱਸਆਰ ਸਮਾਗਮ ਦੌਰਾਨ ਮੰਚ ’ਤੇ ਅੱਗੇ ਖੜ੍ਹੀ ਸੀ। ਰਾਸ਼ਟਰੀ ਗੀਤ ਸ਼ੁਰੂ ਹੁੰਦਿਆਂ ਹੀ ਮਹਿਲਾ ਕਰਮੀ ਡਿੱਗ ਗਈ ਤੇ ਕਾਲੀਨ ’ਤੇ ਬੈਠ ਗਈ। ਰਾਸ਼ਟਰੀ ਗੀਤ ਖਤਮ ਹੁੰਦਿਆਂ ਹੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨਾਲ ਗੱਲ ਕਰਨ ਤੋਂ ਬਾਅਦ ਸ੍ਰੀ ਕੋਵਿੰਦ ਸੁਰੱਖਿਆ ਕਰਮੀਆਂ ਨਾਲ ਸਟੇਜ ਤੋਂ ਹੇਠਾਂ ਆ ਗਏ। ਇਸ ਤੋਂ ਬਾਅਦ ਉਨ੍ਹਾਂ ਮਹਿਲਾ ਪੁਲੀਸ ਕਰਮੀ ਨਾਲ ਗੱਲਬਾਤ ਕੀਤੀ ਤੇ ਅਨੁਰਾਗ ਠਾਕੁਰ ਨੇ ਉਨ੍ਹਾਂ ਨੂੰ ਪਾਣੀ ਦੀ ਬੋਤਲ ਦਿੱਤੀ।