ਅਧਿਆਪਕ

ਰਾਜਿੰਦਰ ਰਾਣੀ

ਸਮਾਜ ਵੀਕਲੀ

ਇੱਕ ਚੰਗਾ ਅਧਿਆਪਕ ਹਮੇਸ਼ਾਂ ਆਪਣੇ ਵਿਦਿਆਰਥੀਆਂ ਵਿੱਚ ਹਰਮਨ ਪਿਆਰਾ ਬਣਿਆ ਰਹਿੰਦਾ ਹੈ। ਜੋ ਔਖੇ ਸੁਆਲਾਂ ਨੂੰ ਵੀ ਸੌਖੇ ਢੰਗ ਨਾਲ ਬੱਚਿਆਂ ਨੂੰ ਸਮਝਾਉਣ ਵਿੱਚ ਸਫਲ ਹੋ ਜਾਂਦਾ ਹੈ। ਇਸ ਦੇ ਨਾਲ ਹੀ ਹੁਸ਼ਿਆਰ ਬੱਚਿਆਂ ਨੂੰ ਸਮਝਾਉਣਾ/ਪੜਾਉਣਾ ਭਾਵੇਂ ਕਿ ਸੌਖਾ ਕੰਮ ਹੁੰਦਾ ਹੈ, ਪਰ ਕਮਜ਼ੋਰ ਵਿਦਿਆਰਥੀਆਂ ਵੱਲ ਉਚੇਚਾ ਧਿਆਨ ਦੇ ਕੇ, ਪਿਆਰ, ਲਗਨ, ਮਿਹਨਤ ਨਾਲ ਉਹਨਾਂ ਨੂੰ ਵੀ ਕਾਬਿਲ ਵਿਦਿਆਰਥੀਆਂ ਦੀ ਕਤਾਰ ਵਿੱਚ ਖੜ੍ਹਾ ਕਰਨ ਵਾਲਾ ਅਧਿਆਪਕ ਸਹੀ ਮਾਇਨਿਆਂ ਵਿੱਚ ਆਪਣੇ ਕਿੱਤੇ ਨਾਲ ਇਨਸਾਫ ਕਰ ਪਾਉਂਦਾ ਹੈ। ਵਿਦਿਆਰਥੀਆਂ ਦੇ ਮਨਾਂ ਅੰਦਰ ਉਤਸ਼ਾਹ, ਆਤਮ ਵਿਸ਼ਵਾਸ਼, ਦਿਲਚਸਪੀ ਪੈਦਾ ਕਰਨ ਦੀਆਂ ਅਹਿਮ ਜਿੰਮੇਵਾਰੀਆਂ ਨਿਭਾਉਣਾ ਅਧਿਆਪਕ ਦੇ ਹਿੱਸੇ ਵਿੱਚ ਆਉਂਦਾ ਹੈ ਅਤੇ ਇਹੀ ਕਾਰਣ ਹੈ ਕਿ ਅਧਿਆਪਕ ਨੂੰ ਸਮਾਜ ਸਿਰਜਕ ਕਿਹਾ ਜਾਂਦਾ ਹੈ।

ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤਾ ਮਨੁੱਖ ਜਿੰਦਗੀ ਵਿੱਚਲੇ ਅਹਿਮ ਰਿਸ਼ਤਿਆਂ ਵਿੱਚੋਂ ਹੁੰਦਾ ਹੈ। ਹਰ ਅਧਿਆਪਕ ਲਈ ਜ਼ਰੂਰੀ ਹੈ ਕਿ ਬੱਚਿਆਂ ਦੇ ਮਨਾਂ ਅੰਦਰ ਵਿੱਦਿਆ ਪ੍ਰਤੀ ਚਾਨਣ ਪੈਦਾ ਕਰਨ ਦੇ ਨਾਲ ਨਾਲ ਨੈਤਿਕ ਗੁਣ ਪੈਦਾ ਕੀਤੇ ਜਾਣ। ਕਮਜ਼ੋਰ ਵਿਦਿਆਰਥੀਆਂ ਦੀ ਮੱਦਦ ਲਈ ਹਮੇਸ਼ਾ ਤਿਆਰ ਰਿਹਾ ਜਾਵੇ। ਵਿਦਿਆਰਥੀਆਂ ਅੰਦਰ ਚੰਗੇ ਸਦਾਚਾਰਕ ਗੁਣ ਪੈਦਾ ਕਰਨ ਲਈ ਅਧਿਆਪਕ ਦਾ ਆਪਣਾ ਜੀਵਣ ਵਿਦਿਆਰਥੀ ਲਈ ਸੱਭ ਤੋਂ ਪਹਿਲਾ ਪ੍ਰੇਰਣਾ ਸਰੋਤ ਹੋਵੇ। ਅਧਿਆਪਕ ਬੱਚੇ ਅੰਦਰ ਲੁਕੀ ਪ੍ਰਤਿਭਾ ਨੂੰ ਪਹਿਚਾਣ ਕੇ ਉਸਦੇ ਅੰਦਰ ਉਸ ਅੰਦਰ ਉਤਸ਼ਾਹ ਪੈਦਾ ਕਰ ਸਕਦੇ ਹਾ ਜਿਸ ਪ੍ਰਤੀ ਸ਼ਾਇਦ ਵਿਦਿਆਰਥੀ ਸੰਵੇਦਨਸ਼ੀਲ ਨਹੀਂ ਹੁੰਦਾ। ਅਧਿਆਪਕ ਵੱਲੋਂ ਉਤਸ਼ਾਹਤ ਵਿਦਿਆਰਥੀ ਜਿੰਦਗੀ ਵਿੱਚ ਕਾਮਯਾਬ ਜ਼ਰੂਰ ਹੁੰਦਾ ਹੈ, ਬੇਸ਼ੱਕ ਉਹ ਆਪਣਾ ਕੰਮ ਮਿਹਨਤ ਅਤੇ ਲਗਨ ਨਾਲ ਕਰਦਾ ਰਹੇ।

ਮੌਜੂਦਾ ਸਮੇਂ ਵਿੱਚ ਸਾਡੇ ਵਿੱਚ ਬਦਲਾਅ ਆਏ ਹਨ। ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਵੀ ਕਿਤੇ ਨਾ ਕਿਤੇ ਟੁੱਟਦਾ ਨਜ਼ਰ ਆ ਰਿਹਾ ਹੈ ਅਤੇ ਕਈ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਆ ਰਹੀਆਂ ਹਨ। ਇਹ ਸੱਭ ਕੁੱਝ ਉਦੋਂ ਵਾਪਰਿਆ ਜਦੋਂ ਅਧਿਆਪਕਾਂ ਨੇ ਇਸ ਨੂੰ ਕਾਰੋਬਾਰੀ ਰੂਪ ਦੇ ਦਿੱਤਾ ਅਤੇ ਉਹ ਆਪਣੇ ਵਿਦਿਆਰਥੀ ਨੂੰ ਆਪਣੇ ਗ੍ਰਾਹਕ ਵਜੋਂ ਦੇਖਣ ਲੱਗ ਪਏ। ਸ਼ਾਇਦ ਇਹ ਵੀ ਇੱਕ ਕਾਰਣ ਹੈ ਕਿ ਵਿਦਿਆਰਥੀ ਮਨਾਂ ਵਿੱਚ ਅਧਿਆਪਕ ਪ੍ਰਤੀ ਪਿਆਰ, ਸਤਿਕਾਰ ਖਤਮ ਹੋ ਚੁੱਕਿਆ ਹੈ। ਜਦਕਿ ਵਿਦਿਆਰਥੀ ਵੀ ਆਪਣੀ ਜਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਹਨ ਕਿਉਂ ਆਪਣੀ ਮਰਜ਼ੀ ਕਰਨਾ ਚਾਹੁੰਦੇ ਹਨ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਬੱਚੇ ਘਰ ਵਿੱਚ ਆਪਣੇ ਮਾਤਾ ਪਿਤਾ ਨਾਲ ਕਰਦੇ ਹਨ।

ਜੋ ਵੀ ਹੋਵੇ ਅੱਜ ਲੋੜ ਹੈ ਕਿ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਅਧਿਆਪਕ ਪ੍ਰਤੀ ਸਤਿਕਾਰ ਦੀ ਭਾਵਨਾ ਬਣੇ ਅਤੇ ਅਧਿਆਪਕ ਵੀ ਅਧਿਆਪਕ ਹੋਣ ਦਾ ਫਰਜ਼ ਨਿਭਾਉਣ ਨੂੰ ਤਰਜ਼ੀਹ ਦੇਣ ਤਾਂ ਕਿ ਅਧਿਆਪਕ ਅਤੇ ਵਿਦਿਆਰਥੀ ਵਿਚਕਾਰ ਮਜ਼ਬੂਤ ਰਿਸ਼ਤਾ ਬਣੇ ਅਤੇ ਵਿਦਿਆਰਥੀਆਂ ਦੀ ਜਿੰਦਗੀ ਵਿੱਚ ਕਾਮਯਾਬੀ ਹਾਸਲ ਕਰ ਸਕੇ। ਆਉ! ਅੱਜ ਅਧਿਆਪਕ ਦਿਵਸ ਮਨਾਉਂਦੇ ਹੋਏ ਮੌਜੂਦਾ ਦੌਰ ਵਿੱਚ ਆ ਚੁੱਕੇ ਬਦਲਾਵਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਈਏ।

ਅਜਿਹੇ ਸਮੇਂ ਚ’ ਕੇਵਲ ਅਧਿਆਪਕ ਹੀ ਇੱਕ ਅਜਿਹਾ ਵਿਅਕਤੀ ਹੈ ਜੋ ਕਿ ਦੂਸਰਿਆਂ ਨੂੰ ਪੜ੍ਹਾ ਲਿਖਾ ਕੇ ਇੱਕ ਚੰਗਾ ਇਨਸਾਨ ਬਣਾਉਣ ਦੇ ਨਾਲ-ਨਾਲ ਉੱਚ ਅਹੁਦਿਆਂ ਤੇ ਪਹੁੰਚਦਾ ਦੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ। ਅਧਿਆਪਕ ਦਾ ਕਿੱਤਾ ਦੁਨੀਆਂ ਦੇ ਸਭ ਕੰਮਾਂ ਦੇ ਨਾਲੋਂ ਚੰਗਾ, ਉੱਤਮ ਅਤੇ ਸਤਿਕਾਰ ਵਾਲਾ ਹੈ।

ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਬਹੁਤ ਹੀ ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਇਸ ਦਾ ਮੁੱਖ ਮੰਤਵ ਹੈ ਅਧਿਆਪਕ ਵਰਗ ਨੂੰ ਸਹਿਯੋਗ ਅਤੇ ਉੱਚਿਤ ਸਨਮਾਨ ਦੇਣਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇ ਨਾਗਰਿਕ ਬਣਾਇਆ ਜਾ ਸਕੇ। ਇਸੇ ਕਾਰਨ ਭਾਰਤ ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਰਵਪਲੀ ਡਾ. ਰਾਧਾ ਕ੍ਰਿਸ਼ਨ ਜੀ ਦੇ ਜਨਮ ਦਿਨ ਭਾਵ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ (ਉਨ੍ਹਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸਮਾਜ ਲਈ ਕੀਤੇ ਗਏ ਕੰਮਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਚਿੰਨ ਦੇ ਰੂਪ ‘ਚ) ਮਨਾਇਆ ਜਾਂਦਾ ਹੈ।

ਡਾ. ਰਾਧਾ ਕ੍ਰਿਸ਼ਨ ਸਿੱਖਿਆ ਦੇ ਉੱਚ ਕੋਟੀ ਦੇ ਵਿਦਵਾਨ, ਚੰਗੇ ਲੇਖਕ, ਇਮਾਨਦਾਰ , ਅਤੇ ਇੱਕ ਆਦਰਸ਼ ਅਧਿਆਪਕ ਸਨ। ਉਨ੍ਹਾਂ ਦੇ ਅਧਿਆਪਕ ਦੇ ਕਿੱਤੇ ਨਾਲ ਬੇਹੱਦ ਲਗਾਓ ਦੇ ਕਾਰਨ ਹੀ ਉਹਨਾਂ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਮਾਂ-ਬਾਪ ਮਿਲਕੇ ਬੱਚੇ ਨੂੰ ਅਰਸ਼ ਤੋਂ ਫਰਸ਼ ਤੱਕ ਲਿਆਉਣ ਦਾ ਸਫਰ ਤੈਅ ਕਰਵਾਉਂਦੇ ਹਨ ਤੇ ਇੱਕ ਅਧਿਆਪਕ ਆਪਣੀ ਯੋਗਤਾ, ਸਮਰੱਥਾ, ਲਗਨ ਅਤੇ ਸਮਰਪਣ ਦੇ ਨਾਲ ਬੱਚੇ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾੳਣ ਦੀ ਜਿੰਮੇਵਾਰੀ ਨਿਭਾਉਂਦਾ ਹੈ। ਅਧਿਆਪਕ ਹੀ ਹਰੇਕ ਵਿਦਿਆਰਥੀ ਦੀ ਯੋਗਤਾ ਨੂੰ ਸਮਝ ਕੇ ਉਸਦੀ ਯੋਗਤਾ ਅਤੇ ਸਮਰੱਥਾ ਦੇ ਅਨੁਸਾਰ ਉਸਦੇ ਹੁਨਰ ਦੇ ਭਾਂਡੇ ਦੀ ਤਰ੍ਹਾਂ ਤਰਾਸ਼ ਕੇ ਉਸ ਨੂੰ ਹੀਰਾ ਬਣਾ ਦਿੰਦਾ ਹੈ ।

ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਇੱਕ ਚੰਗਾ ਅਧਿਆਪਕ ਚੰਗੀ ਸਿੱਖਿਅਕ ਪੱਧਰ ਦੀ ਨੀਂਹ ਹੈ ਜਿਸ ਤੋਂ ਬਿਨ੍ਹਾਂ ਮਿਆਰੀ ਸਿੱਖਿਆ ਦੇਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਪਰ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਅੱਜ ਇਸ ਤਰ੍ਹਾਂ ਦੇ ਚੰਗੇ ਅਧਿਆਪਕਾਂ ਦੀ ਦੇਸ਼ ਵਿੱਚ ਕਾਫੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ।
ਪੁਰਾਣੇ ਸਮੇਂ ਤੋਂ ਹੀ ਭਾਰਤ ‘ਚ ਗੁਰੂ ਜਾਂ ਅਧਿਆਪਕ ਦਾ ਬਹੁਤ ਸਨਮਾਨ ਕੀਤਾ ਜਾਂਦਾ ਰਿਹਾ ਹੈ।

ਇਸ ਕਾਰਨ ਹੀ ਕਿਹਾ ਜਾਂਦਾ ਸੀ ਕਿ ਅੱਜ ਦੇਸ਼ ਦੇ ਨਿਰਮਾਤਾ ਨੂੰ ਠੇਕੇ ਤੇ ਤਨਖਾਹਾਂ (ਮਜਦੂਰਾਂ ਨਾਲੋਂ ਵੀ ਘੱਟ) ਤੇ ਭਰਤੀ ਕਰਨ ਦੇ ਕਾਰਨ ਉਹ ਖੁਦ ਹੀ ਆਰਥਿਕ ਜਰੂਰਤਾਂ ਨੂੰ ਪੂਰਾ ਕਰਨ ਦੀ ਘੁੰਮਣ ਘੇਰੀ ਵਿੱਚ ਫਸਿਆ ਮਹਿਸੂਸ ਕਰ ਰਿਹਾ ਹੈ। ਜੇਕਰ ਅਸੀਂ ਅਧਿਆਪਕ ਨੂੰ ਦੇਸ਼ ਜਾਂ ਸਮਾਜ ਦਾ ਨਿਰਮਾਤਾ ਕਹਿ ਕੇ ਫੋਕਾ ਸਨਮਾਨ ਦੇਣ ਦੀ ਬਜਾਏ ਉਸ ਦੀਆਂ ਜਾਇਜ਼ ਸਮੱਸਿਆਵਾਂ ਨੂੰ ਹੱਲ ਕਰਕੇ ਉਸ ਨੂੰ ਆਰਥਿਕ ਅਤੇ ਮਾਨਸਿਕ ਤੌਰ ਤੇ ਸਤੁੰਸ਼ਟ ਕਰਨ ਦੀ ਕੋਸ਼ਿਸ ਕਰੀਏ ਤਾਂ ਦੇਸ਼ ਦੀਆਂ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ ਕਿਉਂਕਿ ਇੱਕ ਸਤੁੰਸ਼ਟ ਵਿਅਕਤੀ ਆਪਣੇ ਕਿੱਤੇ ਦੇ ਪ੍ਰਤੀ ਸਮਰਪਿੱਤ ਹੋ ਸਕਦਾ ਹੈ ਅਤੇ ਸਤੁੰਸ਼ਟ ਨਾਗਰਿਕ ਪੈਦਾ ਕਰਕੇ, ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦਾ ਹੈ।

ਇਸ ਲਈ ਸਕੂਲਾਂ ਵਿੱਚ ਭਰਤੀ ਦੀ ਠੇਕਾ ਪ੍ਰਣਾਲੀ ਨੂੰ ਖਤਮ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ, ਅਧਿਆਪਕ–ਵਿਦਿਆਰਥੀ ਅਨੁਪਾਤ ਨੂੰ ਠੀਕ ਕੀਤਾ ਜਾਵੇ ਤਾਂ ਜੋ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਸਮਝ ਸਕੇ ਅਤੇ ਉਹਨਾਂ ਨਾਲ ਭਾਵਨਾਤਮਕ ਲਗਾਓ ਬਣਾ ਸਕੇ। ਅਧਿਆਪਕ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਆਪ ਨੂੰ ਡਾ. ਰਾਧਾ ਕ੍ਰਿਸ਼ਨਨ ਦੀ ਤਰ੍ਹਾਂ ਰੂਪ ਵਿੱਚ ਦੇਸ਼ ਦਾ ਨਿਰਮਾਤਾ ਬਣਾਉਣ ਲਈ ਹਰ ਤਰ੍ਹਾਂ ਦਾ ਬਲੀਦਾਨ ਦੇਣ ਲਈ ਹਰ ਸਮੇਂ ਤਿਆਰ ਰੱਖੇ। ਆਪਣੇ ਨਿੱਜੀ ਹਿੱਤਾਂ ਦਾ ਦੇਸ਼ ਦੇ ਹਿੱਤਾਂ ਲਈ ਤਿਆਗ ਕਰਨ।

ਆਪਣੇ ਆਪ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਦੇ ਹੋਏ ਵਿਦਿਆਰਥੀਆਂ ਲਈ ਅਤੇ ਸਮਾਜ ਲਈ ਰੋਲ ਮਾਡਲ ਬਣ ਕੇ ਦਿਖਾਉਣ। ਜਿਸ ਤਰ੍ਹਾਂ ਮੋਮਬੱਤੀ ਖੁਦ ਜਲ ਕਿ ਦੂਜਿਆਂ ਨੂੰ ਰੌਸ਼ਨੀ ਦੇ ਕੇ ਹੋਰਨਾਂ ਲਈ ਪ੍ਰੇਰਣਾ ਸਰੋਤ ਬਣਦੀ ਆ ਰਹੀ ਹੈ ਉਸੇ ਤਰ੍ਹਾਂ ਅਧਿਆਪਕ ਵਰਗ ਨੂੰ ਵੀ ਆਪਣੀਆਂ ਸੁੱਖ ਸੁਵਿਧਾਵਾਂ, ਆਪਣੀਆਂ ਇੱਛਾਵਾਂ, ਆਪਣੇ ਨਿੱਜੀ ਹਿੱਤਾਂ ਆਦਿ ਨੂੰ ਦੇਸ਼ ਅਤੇ ਸਮਾਜ ਦੇ ਵਡੇਰੇ ਹਿੱਤਾਂ ਲਈ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਭਾਰਤੀ ਅਮੀਰ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਆਦਿ ਲਈ ਜਰੂਰੀ ਹੈ ਕਿ ਅਧਿਆਪਕ ਦੇ ਮਾਣ-ਸਨਮਾਨ ਨੂੰ ਬਹਾਲ ਕੀਤਾ ਜਾਵੇ।

ਰਾਜਿੰਦਰ ਰਾਣੀ

ਪਿੰਡ ਗੰਢੂਆਂ (ਸੰਗਰੂਰ)

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੀ
Next articleਯੂਥ ਸਪੋਰਟਸ ਕਲੱਬ ਜੈਨਪੁਰ ਵੱਲੋਂ 5 ਰੋਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ