ਸਾਂਝਾ ਅਧਿਆਪਕ ਮੋਰਚਾ ਤੋਂ ਵੱਖ ਹੋਈਆਂ ਦੋ ਅਧਿਆਪਕ ਜਥੇਬੰਦੀਆਂ ਐੱਸਐੱਸਏ ਤੇ ਮਾਡਲ ਆਦਰਸ਼ ਸਕੂਲਜ਼ ਕਰਮਚਾਰੀ ਐਸੋਸੀਏਸ਼ਨ ਵੱਲੋਂ ਇੱਥੋਂ ਨੇੜਲੇ ਮਹਿਮਦਪੁਰ ਅਨਾਜ ਮੰਡੀ ਵਿਚ ਐਤਵਾਰ ਤੋਂ ਵਿੱਢੇ ਪੱਕੇ ਧਰਨੇ ’ਚ ਸੰਘਰਸ਼ੀ ਅਧਿਆਪਕਾਂ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਵੀ ਸ਼ਾਮਲ ਹੋਣ ਲੱਗੇ ਹਨ। ਸੋਮਵਾਰ ਨੂੰ ਰੋਸ ਧਰਨੇ ਦੌਰਾਨ ਮੰਚ ਤੋਂ ਐਲਾਨ ਕੀਤਾ ਗਿਆ ਕਿ ਭਲਕੇ ਸਿੱਖਿਆ ਮੰਤਰੀ ਨਾਲ ਹੋਣ ਜਾ ਰਹੀ ਸਾਂਝਾ ਅਧਿਆਪਕ ਮੋਰਚਾ ਦੀ ਮੀਟਿੰਗ ਦੌਰਾਨ ਮੰਗਾਂ ਦੇ ਹੱਲ ਲਈ ਦਬਾਅ ਬਣਾਉਣ ਖਾਤਰ ਵਿਸ਼ਾਲ ਰੈਲੀ ਕੀਤੀ ਜਾਵੇਗੀ। ਅਧਿਆਪਕ ਆਗੂਆਂ ਦੀਦਾਰ ਸਿੰਘ ਮੁੱਦਕੀ, ਡਾ. ਅੰਮ੍ਰਿਤਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ 5178 ਅਧਿਆਪਕਾਂ ਨੂੰ ਰੈਗੂਲਰ ਕਰਨ, ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੀਆਂ ਵਲੰਟੀਅਰ ਕੈਟਾਗਿਰੀਆਂ ਦੇ ਭੱਤੇ ਵਿੱਚ ਮਾਮੂਲੀ ਵਾਧਾ ਕਰਨ, 8886 ਅਧਿਆਪਕਾਂ ਦੀ ਤਨਖ਼ਾਹ ਵਿਚ ਕਟੌਤੀ ਰੱਦ ਕਰਨ ਬਾਰੇ ਮੁੱਖ ਮੰਤਰੀ ਨੂੰ ਬੇਨਤੀ ਕਰਨ ਦਾ ਜ਼ੁਬਾਨੀ ਐਲਾਨ ਕੀਤਾ ਗਿਆ ਹੈ। ਉਨ੍ਹਾਂ ਰੋਸ ਪ੍ਰਗਟਾਇਆ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਜਗ੍ਹਾ ਦੀ ਮਨਜ਼ੂਰੀ ਦੇ ਕੇ ਵਾਪਸ ਲਈ ਜਾ ਰਹੀ ਹੈ। ਇਸ ਮੌਕੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ, ਖੇਤ ਮਜ਼ਦੂਰ ਯੂਨੀਅਨ ਦੇ ਨੁਮਾਇੰਦੇ ਜ਼ੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲ ਨੇ ਅਧਿਆਪਕਾਂ ਨੂੰ ਸਹਿਯੋਗ ਦਾ ਭਰੋਸਾ ਦਿੱਤਾ। ਦੱਸਣਯੋਗ ਹੈ ਕਿ ਸਾਂਝੇ ਅਧਿਆਪਕ ਮੋਰਚੇ ’ਚ ਕੁੱਲ 26 ਅਧਿਆਪਕ ਜਥੇਬੰਦੀਆਂ ਸਰਗਰਮ ਸਨ, ਇਨ੍ਹਾਂ ਵਿਚੋਂ 24 ਜਥੇਬੰਦੀਆਂ ਵੱਲੋਂ ਸਿੱਖਿਆ ਮੰਤਰੀ ਓ.ਪੀ. ਸੋਨੀ ਦੀ ਆਮਦ ਮਗਰੋਂ ਪੱਕੇ ਧਰਨੇ ਨੂੰ ਚੁੱਕਣ ਦਾ ਐਲਾਨ ਕਰ ਦਿੱਤਾ ਗਿਆ ਸੀ। ਮੋਰਚੇ ਨਾਲ ਸਬੰਧਤ ਦੋ ਅਧਿਆਪਕ ਧਿਰਾਂ ਵੱਲੋਂ ਐਤਵਾਰ ਮੁੜ ਮਹਿਮਦਪੁਰ ਮੰਡੀ ’ਚ ਪੱਕਾ ਧਰਨਾ ਦੇ ਦਿੱਤਾ ਗਿਆ ਸੀ। ਮਹਿਮਦਪੁਰ ਮੰਡੀ ਵਿਚ ਜੁੜੀਆਂ ਮੋਰਚੇ ਦੇ ਕਨਵੀਨਰ ਦੇਵਿੰਦਰ ਸਿੰਘ ਪੂਨੀਆ ਨੇ ਦੱਸਿਆ ਕਿ ਮੋਰਚੇ ਦੀ ਲੀਡਰਸ਼ਿਪ ਭਲਕੇ ਸਾਢੇ ਗਿਆਰਾਂ ਵਜੇ ਚੰਡੀਗੜ੍ਹ ’ਚ ਪੰਜਾਬ ਭਵਨ ’ਚ ਸਿੱਖਿਆ ਮੰਤਰੀ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੀਟਿੰਗ ਦੀ ਸੰਭਾਵਨਾ ਹੈ।