ਤਨਖਾਹਾਂ ਵਿੱਚ 75 ਫੀਸਦੀ ਕਟੌਤੀ ਕਰਕੇ ਸਿਰਫ਼ 15 ਹਜ਼ਾਰ ਰੁਪਏ ਤਨਖਾਹ ’ਤੇ ਸੇਵਾਵਾਂ ਰੈਗੂਲਰ ਕਰਨ ਤੋਂ ਖਫ਼ਾ ਐਸਐਸਏ/ਰਮਸਾ/ਸੀਐਸਐਸ ਉਰਦੂ ਤੇ ਆਦਰਸ਼ ਮਾਡਲ ਸਕੂਲ ਅਧਿਆਪਕਾਂ ਨੇ ਅੱਜ ਸੰਗਰੂਰ ਤੇ ਪਟਿਆਲਾ ਵਿੱਚ ਆਰ ਪਾਰ ਦੀ ਲੜਾਈ ਵਿੱਢਦਿਆਂ ਆਪਣਾ ਖੂਨ ਬੋਤਲਾਂ ਵਿੱਚ ਭਰ ਕੇ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ। ਸੰਗਰੂਰ ਵਿੱਚ ਪ੍ਰਦਰਸ਼ਨਕਾਰੀ ਅਧਿਆਪਕ ਆਪਣਾ ਖੂਨ ਮੁੱਖ ਮੰਤਰੀ ਪੰਜਾਬ ਨੂੰ ਭੇਜਣਾ ਚਾਹੁੰਦੇ ਸਨ, ਪਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਦੋਂ ਖੂਨ ਲੈਣ ਨਾ ਪੁੱਜਾ ਤਾਂ ਅਧਿਆਪਕਾਂ ਨੇ ਪੋਸਟਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਨੂੰ ਖੂਨ ਲਾਉਣ ਮਗਰੋਂ ਇਹ ਪੋਸਟਰ ਡੀਸੀ ਕੰਪਲੈਕਸ ਦੀ ਦੀਵਾਰ ਉਪਰ ਚਸਪਾ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕੀਤਾ। ਉਧਰ ਪਟਿਆਲਾ ਦੇ ਡੀਸੀ ਦਫ਼ਤਰ ਵਿੱਚ ਐੱਸ.ਐੱਸ.ਏ ਰਮਸਾ ਅਧਿਆਪਕ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਖੂਨ ਦੀ ਬੋਤਲ ਭੇਟ ਕਰਨ ਵਿੱਚ ਸਫ਼ਲ ਰਹੇ। ਅਧਿਆਪਕਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇਸ ਤਾਨਾਸ਼ਾਹੀ ਫੈਸਲੇ ਤੋਂ ਪੈਰ ਪਿਛਾਂਹ ਨਾ ਖਿੱਚੇ ਤਾਂ 7 ਅਕਤੂਬਰ ਨੂੰ ਪਟਿਆਲਾ ਵਿੱਚ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਤੋਂ ਪਹਿਲਾਂ ਸੰਗਰੂਰ ਵਿੱਚ ਐਸਐਸਏ/ਰਮਸਾ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਅਧਿਆਪਕ ਸਥਾਨਕ ਨੈਣਾ ਦੇਵੀ ਮੰਦਰ ਪਾਰਕ ’ਚ ਇਕੱਠੇ ਹੋਏ, ਜਿੱਥੇ ਅਧਿਆਪਕਾਂ ਨੇ ਆਪਣਾ ਖੂਨ ਕੱਢ ਕੇ ਬੋਤਲ ’ਚ ਪਾ ਲਿਆ। ਇਹ ਖੂਨ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਲਈ ਰੋਸ ਮਾਰਚ ਕਰਦਿਆਂ ਅਧਿਆਪਕ ਡੀਸੀ ਕੰਪਲੈਕਸ ਅੱਗੇ ਪੁੱਜੇ। ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਖੂਨ ਲੈਣ ਨਾ ਪੁੱਜਾ ਤਾਂ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਫੋਟੋ ਨੂੰ ਹੀ ਖੂਨ ਪਿਲਾਇਆ। ਅਧਿਆਪਕਾਂ ਵੱਲੋਂ ਡੀਸੀ ਕੰਪਲੈਕਸ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਸਟੇਟ ਕਮੇਟੀ ਮੈਂਬਰ ਅਮਨ ਵਸ਼ਿਸ਼ਟ ਤੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਤਨਖਾਹਾਂ ਵਿੱਚ 75 ਫੀਸਦੀ ਕਟੌਤੀ ਕਰਕੇ ਸਿਰਫ਼ 15 ਹਜ਼ਾਰ ਰੁਪਏ ਤਨਖਾਹ ’ਤੇ ਰੈਗੂਲਰ ਕਰਕੇ ਅਧਿਆਪਕਾਂ ਦਾ ਖੂਨ ਨਿਚੋੜ ਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਿਹਨਤਕਸ਼ ਲੋਕਾਂ ਤੇ ਮੁਲਾਜ਼ਮਾਂ ਦਾ ਖੂਨ ਕੱਢ ਕੇ ਸਰਕਾਰ ਦੇ ਮੰਤਰੀ ਤੇ ਵਿਧਾਇਕ ਮੋਟੀਆਂ ਤਨਖਾਹਾਂ ਤੇ ਸਹੂਲਤਾਂ ਨਾਲ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿੱਥੇ ਅਧਿਆਪਕਾਂ ਦੇ ਮਿਹਨਤਾਨੇ ’ਤੇ ਕੁਹਾੜਾ ਚਲਾਇਆ ਹੈ, ਉਥੇ ਨਾਜਾਇਜ਼ ਕਲੋਨੀਆਂ ਦੀ ਉਸਾਰੀ ਕਰਕੇ ਅਰਬਾਂ ਰੁਪਏ ਕਮਾਉਣ ਵਾਲੇ ਕਲੋਨਾਈਜ਼ਰਾਂ ਦਾ ਕਰੋੜਾਂ ਰੁਪਏ ਦਾ ਜੁਰਮਾਨਾ ਮੁਆਫ਼ ਕਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਹ ਤਾਨਾਸ਼ਾਹੀ ਫੈਸਲਾ ਬਦਲ ਕੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ’ਚ ਪੂਰੀ ਤਨਖਾਹ ’ਤੇ ਰੈਗੂਲਰ ਨਾ ਕੀਤਾ ਗਿਆ ਤਾਂ 7 ਅਕਤੂਬਰ ਨੂੰ ਪਟਿਆਲਾ ’ਚ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਦੇ ਆਗੂ ਬਲਵੀਰ ਚੰਗ ਲੌਂਗੋਵਾਲ, ਡਾ. ਅੰਮ੍ਰਿਤਪਾਲ ਸਿੰਘ, ਦੇਵੀ ਦਿਆਲ ਆਦਿ ਨੇ ਵੀ ਸੰਬੋਧਨ ਕੀਤਾ। ਆਖ਼ੀਰ ’ਚ ਤਹਿਸੀਲਦਾਰ ਸਰਾਜ ਅਹਿਮਦ ਨੇ ਅਧਿਆਪਕਾਂ ਤੋਂ ਮੰਗ ਪੱਤਰ ਲਿਆ। ਉਧਰ ਪਟਿਆਲਾ ਵਿੱਚ ਜ਼ਿਲ੍ਹਾ ਪ੍ਰਧਾਨ ਭਰਤ ਕੁਮਾਰ ਨੇ ਸਰਕਾਰ ਦੇ ਇਸ ਅਧਿਆਪਕ ਮਾਰੂ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ 94 ਫੀਸਦੀ ਅਧਿਆਪਕਾਂ ਦੀ ਸਹਿਮਤੀ ਦੇ ਫ਼ਰਜ਼ੀ ਅੰਕੜਿਆਂ ਨੂੰ ਆਧਾਰ ਬਣਾ ਕਿ ਸਮੁੱਚੇ 8800 ਅਧਿਆਪਕਾਂ ਦੇ ਪਰਿਵਾਰਾਂ ਨੂੰ ਉਜਾੜਨ ਦਾ ਜੋ ਫ਼ੈਸਲਾ ਪੰਜਾਬ ਸਰਕਾਰ ਨੇ ਲਿਆ ਹੈ, ਇਸ ਨੂੰ ਉਹ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ ਤੇ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ, ਅਤਿੰਦਰ ਪਾਲ ਘੱਗਾ, ਅਜਮੇਰ ਸਿੰਘ, ਰੋਬਿਨ, ਮੁਕੇਸ਼ ਪਾਤੜਾਂ ਆਦਿ ਨੇ ਸਤਵੰਤ ਸਿੰਘ,ਦਵਿੰਦਰ ਸਿੰਘ,ਸੁਦੇਸ਼ ਕੁਮਾਰ,ਵਿਕਰਮਜੀਤ ਸਿੰਘ,ਚਮਕੌਰ ਸਿੰਘ, ਪ੍ਰੀਤਇੰਦਰ ਸਿੰਘ ਆਦਿ ਨੇ ਸਿਰਿੰਜਾਂ ਨਾਲ ਇਕ ਦੂਜੇ ਦਾ ਖ਼ੂਨ ਕੱਢ ਕੇ ਬੋਤਲਾਂ ਭਰੀਆਂ। ਖੂਨ ਕੱਢਣ ਦਾ ਦ੍ਰਿਸ਼ ਮਾਹੌਲ ਨੂੰ ਭਾਵੁਕ ਕਰਨ ਵਾਲਾ ਸੀ।