ਨਵੀਂ ਦਿੱਲੀ (ਸਮਾਜਵੀਕਲੀ) : ਦਿੱਲੀ ਹਾਈ ਕੋਰਟ ਨੇ ਸੀਏਏ ਅਤੇ ਐੱਨਆਰਸੀ ਖ਼ਿਲਾਫ਼ ਮੁਜ਼ਾਹਰਿਆਂ ਦੌਰਾਨ ਕਥਿਤ ਭੜਕਾਊ ਭਾਸ਼ਣ ਦੇਣ ਸਬੰਧੀ ਇੱਕ ਕੇਸ ’ਚ ਗ੍ਰਿਫ਼ਤਾਰ ਜੇਐੱਨਯੂ ਦੇ ਵਿਦਿਆਰਥੀ ਸ਼ਰਜੀਲ ਇਮਾਮ ਵੱਲੋਂ ਦਾਖ਼ਲ ਉਸ ਅਪੀਲ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ, ਜਿਸ ਰਾਹੀਂ ਉਸ ਨੇ ਇੱਕ ਟਰਾਇਲ ਕੋਰਟ ਵੱਲੋਂ ਪੁਲੀਸ ਨੂੰ ਜਾਂਚ ਲਈ ਹੋਰ ਸਮਾਂ ਦੇਣ ਦੀ ਆਗਿਆ ਨੂੰ ਚੁਣੌਤੀ ਦਿੱਤੀ ਹੈ।
ਦਿੱਲੀ ਪੁਲੀਸ ਨੇ ਇਮਾਮ ਦੀ ਅਪੀਲ ਦਾ ਵਿਰੋਧ ਕੀਤਾ, ਜਿਸ ਮਗਰੋਂ ਜਸਟਿਸ ਵੀ ਕਾਮੇਸ਼ਵਰ ਰਾਓ ਨੇ ਪੁਲੀਸ ਦੇ ਵਕੀਲ ਤੇ ਇਮਾਮ ਨੂੰ 28 ਜੂਨ ਤੱਕ ਲਿਖਤੀ ਜਾਣਕਾਰੀ ਦੇਣ ਲਈ ਕਿਹਾ, ਜਿਸ ਮਗਰੋਂ ਕੋਈ ਫ਼ੈਸਲਾ ਲਿਆ ਜਾਵੇਗਾ। ਇਸ ਦੌਰਾਨ ਦਿੱਲੀ ਦੀ ਇੱਕ ਅਦਾਲਤ ਨੇ ਫਰਵਰੀ ਵਿੱਚ ਸੀਏਏ ਵਿਰੋਧੀ ਮੁਜ਼ਾਹਰਿਆਂ ਦੌਰਾਨ ਉੱਤਰ-ਪੂਰਬੀ ਦਿੱਲੀ ਵਿੱਚ ਹੋਈ ਫ਼ਿਰਕੂ ਹਿੰਸਾ ਸਬੰਧੀ ਇੱਕ ਕੇਸ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਮਾਲਕ ਨੂੰ ਪੁਲੀਸ ਹਿਰਾਸਤ ’ਚ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਇਸ ਦਾ ਕਾਰਨ ਘਟਨਾ ਦੇ ਪਹਿਲੇ ਹੀ ਦਿਨ ਤੋਂ ਜਾਂਚ ਅਧਿਕਾਰੀ ਨੂੰ ਮਾਮਲੇ ਦੀ ਜਾਣਕਾਰੀ ਹੋਣ ਦੇ ਬਾਵਜੂਦ ਅਰਜ਼ੀ ਦਾਖ਼ਲ ਕਰਨ ’ਚ ਹੋਈ ਚਾਰ ਮਹੀਨਿਆਂ ਦੀ ਦੇਰ ਨੂੰ ਦੱਸਿਆ ਹੈ।