ਬੰਗਲੁਰੂ (ਸਮਾਜ ਵੀਕਲੀ) : ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ਦੀ ਅਦਾਲਤ ਨੇ ਪਿਛਲੇ ਸਾਲ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਕੇਸ ’ਚ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੂੰ ਸੰਮਨ ਜਾਰੀ ਕੀਤੇ ਹਨ। ਅਦਾਲਤ ਨੇ ਨਾਲ ਹੀ ਬੰਗਲੁਰੂ ਪੁਲੀਸ ਕਮਿਸ਼ਨਰ ਨੂੰ ਮੁੱਖ ਮੰਤਰੀ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਨ ਤੇ ਉਨ੍ਹਾਂ ਨੂੰ 1 ਸਤੰਬਰ 2020 ਲਈ ਸੰਮਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 23 ਨਵੰਬਰ ਨੂੰ ਗੋਕਕ ਦੇ ਵਾਲਮੀਕ ਸਟੇਡੀਅਮ ’ਚ ਭਾਜਪਾ ਉਮੀਦਵਾਰ ਦੇ ਹੱਕ ’ਚ ਕੀਤੀ ਇੱਕ ਚੋਣ ਰੈਲੀ ਦੌਰਾਨ ਯੇਦੀਯੁਰੱਪਾ ਨੇ ਵੀਰਾਸ਼ੈਵਾ ਲਿੰਗਾਯਤ ਭਾਈਚਾਰੇ ਨੂੰ ਆਪਣੀ ਵੋਟ ਕਿਸੇ ਹੋਰ ਨੂੰ ਨਾ ਪਾਉਣ ਲਈ ਕਿਹਾ ਸੀ। ਉਸ ਸਮੇਂ ਇਸ ਬਾਰੇ ਕੇਸ ਵੀ ਦਰਜ ਕੀਤਾ ਸੀ। ਪੁਲੀਸ ਨੇ ਇਸ ਕੇਸ ਦੀ ਕਲੋਜ਼ਰ ਰਿਪੋਰਟ ਗੋਕਕ ਦੇ ਪ੍ਰਮੁੱਖ ਜੁਡੀਸ਼ਲ ਮੈਜਿਸਟਰੇਟ ਵੀਰੇਸ਼ ਕੁਮਾਰ ਸੀਕੇ ਕੋਲ ਪੇਸ਼ ਕੀਤੀ ਪਰ ਇਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ।