ਖਮਾਣੋਂ ਦੀ ਅਦਾਲਤ ਵੱਲੋਂ ਇੱਕ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਮੌਜੂਦਾ ਐੱਸਐੱਚਓ ਸਮੇਤ 5 ਪੁਲੀਸ ਮੁਲਾਜ਼ਮਾਂ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਪਿੰਡ ਮੰਡੇਰਾਂ ਦੇ ਦੋ ਨੌਜਵਾਨਾਂ ਦੀ ਪੁਲੀਸ ਵੱਲੋਂ ਕੀਤੀ ਗਈ ਕੁੱਟਮਾਰ ਤੇ ਉਨ੍ਹਾਂ ਉੱਪਰ ਕੀਤੇ ਗਏ ਇੱਕ ਮੁਕੱਦਮੇ ਖਿਲਾਫ਼ ਅਦਾਲਤ ਵਿੱਚ ਪੁੱਜਾ ਸੀ। ਪੀੜਤ ਪਰਿਵਾਰ ਵੱਲੋਂ ਪਾਏ ਗਏ ਇਸਤਗਾਸੇ ਦੇ ਫ਼ੈਸਲੇ ਵਿੱਚ ਕੋਰਟ ਵੱਲੋਂ ਇਹ ਸਜ਼ਾ ਸੁਣਾਈ ਗਈ, ਜਦੋਂਕਿ ਸਬੰਧਿਤ ਪੁਲੀਸ ਅਫ਼ਸਰ ਤੇ ਮੁਲਾਜ਼ਮ ਰਾਹਤ ਦੀ ਉਮੀਦ ਵਿੱਚ ਸਜ਼ਾ ਵਿਰੁੱਧ ਉੱਚ ਅਦਾਲਤ ਦਾ ਦਰਵਾਜ਼ਾ ਖੜਕਾ ਚੁੱਕੇ ਹਨ। ਸਮਰਾਲਾ ’ਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਇਸ ਕੁੱਟਮਾਰ ਦੇ ਸ਼ਿਕਾਰ ਹੋਏ ਲੜਕਿਆਂ ਦੇ ਪਿਤਾ ਬੂਟਾ ਸਿੰਘ ਮੰਡੇਰਾ ਤੇ ਉਨ੍ਹਾਂ ਦੇ ਵਕੀਲ ਚਰਨਜੀਤ ਸਿੰਘ ਸਿੱਧੂ ਨੇ ਮੀਡੀਆ ਨੂੰ ਦੱਸਿਆ ਕਿ 2012 ਵਿੱਚ ਖਮਾਣੋਂ ਦੀ ਅਦਾਲਤ ’ਚ ਇਕ ਕੇਸ ਦਾਇਰ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਦੋ ਨੌਜਵਾਨ ਲੜਕੇ ਰੋਜ਼ੀ ਰੋਟੀ ਕਮਾਉਣ ਲਈ ਹਰ ਰੋਜ਼ ਦੀ ਤਰ੍ਹਾਂ ਆਪਣੇ ਮੋਟਰਸਾਈਕਲ ’ਤੇ ਰੁਜ਼ਗਾਰ ’ਤੇ ਜਾ ਰਹੇ ਸੀ, ਜਿਵੇਂ ਹੀ ਉਹ ਪੁਲ ਸੁਆ ਖਮਾਣੋਂ ’ਤੇ ਪਹੁੰਚੇ ਤਾਂ ਪੁਲੀਸ ਨੇ ਏ.ਐੱਸ.ਆਈ. ਮਨੋਹਰ ਸਿੰਘ ਦੀ ਅਗਵਾਹੀ ’ਚ ਹੌਲਦਾਰ ਸਵਰਨ ਸਿੰਘ, ਸਿਪਾਹੀ ਨਵਦੀਪ ਸਿੰਘ ਤੇ ਸਿਪਾਹੀ ਸ਼ਮਸ਼ੇਰ ਸਿੰਘ ਆਦਿ ਨੇ ਨਾਕੇ ਤੋਂ ਉਨ੍ਹਾਂ ਦੇ ਦੋ ਲੜਕੇ ਸੁਖਦੇਵ ਸਿੰਘ ਤੇ ਹਰਪ੍ਰੀਤ ਸਿੰਘ ਨੂੰ ਰੋਕ ਲਿਆ ਤੇ ਉਨ੍ਹਾਂ ਦੇ ਮੋਟਰਸਾਈਕਲ ਨਾਲ ਸਬੰਧਿਤ ਦਸਤਾਵੇਜ਼ ਚੈੱਕ ਕੀਤੇ ਤਾਂ ਉਨ੍ਹਾਂ ਨੂੰ ਜਿਵੇਂ ਹੀ ਪਤਾ ਚਲਿਆ ਕੇ ਇਹ ਦੋਵੇਂ ਨੌਜਵਾਨ ਲੜਕੇ ਬੂਟਾ ਸਿੰਘ ਪਿੰਡ ਮੰਡੇਰਾ ਦੇ ਲੜਕੇ ਹਨ ਤਾਂ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੌਜਵਾਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬੂਟਾ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਮੰਡੇਰਾ ’ਚ ਕਤਲ ਹੋਇਆ ਸੀ ਜਿਸ ’ਚ ਉਸ ਵੇਲੇ ਖਮਾਣੋਂ ਪੁਲੀਸ ਨੇ ਉਸ ਨੂੰ ਬਿਨਾਂ ਕਸੂਰ ਉਸਦੀ ਖਮਾਣੋਂ ਥਾਣੇ ’ਚ ਤੇ ਸੀਆਈਏ ਸਰਹਿੰਦ ਲਿਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਜਿਸ ਮਗਰੋਂ ਉਹ ਖਮਾਣੋਂ ਥਾਣੇ ਨਾਲ ਸਬੰਧਿਤ ਕਈ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਅਦਾਲਤ ’ਚ ਗਿਆ ਸੀ। ਜਿਸ ਰੰਜਿਸ਼ ਕਰ ਕੇ ਖਮਾਣੋਂ ਥਾਣੇ ਦੇ ਇਨ੍ਹਾਂ ਪੁਲੀਸ ਮੁਲਾਜ਼ਮਾਂ ਨੇ ਉਸਦੇ ਬੱਚਿਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਤੇ ਪੁਲੀਸ ਦੀ ਵਰਦੀ ਪਾੜਨ ਦਾ ਦੋਸ਼ ਲਾ ਕੇ ਦੋਵੇਂ ਬੱਚਿਆਂ ਨੂੰ ਬਿਨਾਂ ਕਸੂਰ ਜੇਲ੍ਹਡ ਭੇਜ ਦਿੱਤਾ ਜਿਸ ’ਤੇ ਉਨ੍ਹਾਂ ਮਾਮਲਾ ਪੁਲੀਸ ਦੇ ਉੱਚ ਅਫ਼ਸਰਾਂ ਦੇ ਧਿਆਨ ’ਚ ਲਿਆਂਦਾ ਪਰ ਕੋਈ ਸੁਣਵਾਈ ਨਾ ਹੋਣ ’ਤੇ ਮਜ਼ਬੂਰਨ ਅਦਾਲਤ ਦਾ ਸਹਾਰਾ ਲਿਆ। ਪੀੜਤ ਧਿਰ ਨੇ ਦੱਸਿਆ ਕਿ 2012 ’ਚ ਦਾਇਰ ਕੀਤੇ ਇਸ ਕੇਸ ਦਾ ਫ਼ੈਸਲਾ ਹੁਣ ਜਦੋਂ 14 ਦਸੰਬਰ 2019 ਨੂੰ ਆਇਆ ਤਾਂ ਅਦਾਲਤ ਨੇ ਵੱਖ-ਵੱਖ ਧਾਰਾਵਾਂ ਅਧੀਨ ਇਸ ਕੇਸ ਨਾਲ ਸਬੰਧਿਤ ਪੁਲੀਸ ਮੁਲਾਜ਼ਮਾਂ ਜਿਨ੍ਹਾਂ ਵਿੱਚ ਇਸ ਵੇਲੇ ਦੇ ਸ੍ਰੀ ਮਾਛੀਵਾੜਾ ਸਾਹਿਬ ’ਚ ਨਿਯੁਕਤ ਐੱਸਐੱਚਓ ਇੰਸਪੈਕਟਰ ਸੁਖਬੀਰ ਸਿੰਘ ਸਣੇ 5 ਪੁਲੀਸ ਮੁਲਾਜ਼ਮਾਂ ਨੂੰ 1 ਸਾਲ ਦੀ ਸਜ਼ਾ ਤੋਂ ਇਲਾਵਾ 1-1 ਹਜ਼ਾਰ ਰੁਪਏ ਜ਼ੁਰਮਾਨਾ ਭਰਨ ਦਾ ਫ਼ੈਸਲਾ ਸੁਣਾਇਆ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਸਜ਼ਾ ਦਾ ਸਾਹਮਣਾ ਕਰ ਰਹੇ ਐੱਸਐੱਚਓ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ।
INDIA ਅਦਾਲਤ ਵੱਲੋਂ ਐੱਸਐੱਚਓ ਸਣੇ 5 ਪੁਲੀਸ ਮੁਲਾਜ਼ਮਾਂ ਨੂੰ ਕੈਦ