ਨਵੀਂ ਦਿੱਲੀ (ਸਮਾਜਵੀਕਲੀ) : ਦਿੱਲੀ ਹਾਈ ਕੋਰਟ ਨੇ ਰੈਨਬੈਕਸੀ ਦੇ ਸਾਬਕਾ ਪ੍ਰੋਮੋਟਰਾਂ- ਮਾਲਵਿੰਦਰ ਮੋਹਨ ਸਿੰਘ ਅਤੇ ਸ਼ਵਿੰਦਰ ਮੋਹਨ ਸਿੰਘ ਤੋਂ ਦਾਇਚੀ ਸਾਂਕਿਓ ਵੱਲੋਂ ਦਾਇਰ ਅਪੀਲ ’ਤੇ ਜੁਆਬ ਮੰਗਿਆ ਹੈ, ਜਿਸ ਮੁਤਾਬਕ ਉਨ੍ਹਾਂ ਫੋਰਟਿਸ ਤੇ ਰੈਲੀਗੇਅਰ ਦੇ ਟਰੇਡਮਾਰਕ ਵੇਚਕੇ ਜਪਾਨ ਦੀ ਕੰਪਨੀ ਪ੍ਰਤੀ ਰਹਿੰਦੀ ਬਕਾਇਆ ਰਾਸ਼ੀ ਦੀ ਰਿਕਵਰੀ ਕਰਨ ਦੀ ਮੰਗ ਕੀਤੀ ਹੈ।
ਅਦਾਲਤ ਨੇ 28 ਜੁਲਾਈ ਤੱਕ ਰੈਲੀਗੇਅਰ ਟਰੇਡਮਾਰਕ ’ਤੇ ਯਥਾਸਥਿਤੀ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਵੱਲੋਂ ਜਪਾਨ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕੀਤੀ ਜਾ ਰਹੀ ਸੀ, ਜਿਸ ਰਾਹੀਂ ਇਸ ਦੇ ਪੱਖ ਅਤੇ ਸਿੰਘ ਭਰਾਵਾਂ ਦੇ ਵਿਰੋਧ ’ਚ ਪਾਸ ਕੀਤੇ ਗਏ 3,500 ਕਰੋੜ ਰੁਪਏ ਦੇ ਸਿੰਗਾਪੁਰ ਟ੍ਰਿਬਿਊਨਲ ਆਰਬਿਟਰਲ ਐਵਾਰਡ ਦਾ ਫ਼ੈਸਲਾ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ।
ਜਸਟਿਸ ਰੇਖਾ ਪਾਲੀ ਵੱਲੋਂ ਇਸ ਮਾਮਲੇ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ। ਉਨ੍ਹਾਂ ਦਾਇਚੀ ਵੱਲੋਂ ਰੈਲੀਗੇਅਰ ਟਰੇਡਮਾਰਕ ਵਿੱਚ ‘ਮੈਸਰਜ਼ ਐਲਿਵ ਇਨਫੋਟੈੱਕ ਪ੍ਰਾਈਵੇਟ ਲਿਮਿਟਡ’ ਨੂੰ ਤੀਜੀ ਧਿਰ ਦੇ ਅਧਿਕਾਰ ਸਥਾਪਤ ਕਰਨ ਤੋਂ ਰੋਕਣ ਤੇ ਐਲਿਵ ਇਨਫੋਟੈੱਕ ਪ੍ਰਾਈਵੇਟ ਲਿਮਟਿਡ ’ਚ ਆਰਐੱਚਸੀ ਹੋਲਡਿੰਗਜ਼ ਦੀ ਇਕੁਅਟੀ ਸ਼ੇਅਰਹੋਲਡਿੰਗ ਦੇ ਅਸਾਸੇ ਨਾਲ ਜੋੜਨ ਤੋਂ ਰੋਕਣ ਲਈ ਪਾਈ ਅਰਜ਼ੀ ’ਤੇ ਸਿੰਘ ਭਰਾਵਾਂ ਨੂੰ ਨੋਟਿਸ ਜਾਰੀ ਕੀਤਾ ਹੈ।