ਮੁੰਬਈ (ਸਮਾਜ ਵੀਕਲੀ) : ਬਾਲੀਵੁੱਡ ਦੀ ਸੀਨੀਅਰ ਅਦਾਕਾਰਾ ਕੁਮਕੁਮ ਦਾ ਅੱਜ ਮੁੰਬਈ ਵਿੱਚ ਦੇਹਾਂਤ ਹੋ ਗਿਆ। ਊਹ 86 ਵਰ੍ਹਿਆਂ ਦੇ ਸਨ। ਲਗਭਗ 115 ਫਿਲਮਾਂ ਵਿੱਚ ਅਦਾਕਾਰੀ ਕਰਨ ਵਾਲੀ ਇਸ ਅਦਾਕਾਰਾ ਨੇ ਬਾਂਦਰਾ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ। ਮਰਹੂਮ ਕਾਮੇਡੀਅਨ ਜਗਦੀਪ ਦੇ ਪੁੱਤਰ ਨਾਵੇਦ ਜਾਫ਼ਰੀ ਨੇ ਟਵੀਟ ਕਰਕੇ ਊਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ।
ਊਨ੍ਹਾਂ ਲਿਖਿਅਾ, ‘‘ਅਸੀਂ ਇੱਕ ਹੋਰ ਰਤਨ ਗੁਆ ਦਿੱਤਾ ਹੈ। ਮੈਂ ਊਨ੍ਹਾਂ ਨੂੰ ਊਦੋਂ ਤੋਂ ਜਾਣਦਾ ਹਾਂ ਜਦੋਂ ਮੈਂ ਬੱਚਾ ਸੀ। ਊਹ ਪਰਿਵਾਰ ਵਾਂਗ ਸਨ, ਬਿਹਤਰੀਨ ਕਲਾਕਾਰ ਅਤੇ ਬਹੁਤ ਵਧੀਆ ਇਨਸਾਨ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਕੁਮਕੁਮ ਆਂਟੀ।’’ ਨਾਵੇਦ ਨੇ ਮਰਹੂਮ ਅਦਾਕਾਰਾ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਊਨ੍ਹਾਂ ਦੀ ਮੌਤ ਦਾ ਕਾਰਨ ਅਜੇ ਤੱਕ ਐਲਾਨਿਆ ਨਹੀਂ ਗਿਆ ਹੈ। ਬਿਹਾਰ ਦੇ ਹੁਸੈਨਾਬਾਦ ਵਿੱਚ 22 ਅਪਰੈਲ, 1934 ਵਿੱਚ ਜਨਮੀ ਕੁਮਕੁਮ ਦਾ ਅਸਲੀ ਨਾਂ ਜ਼ੈਬੂਨਿਸਾ ਸੀ। ਕੁਮਕੁਮ ਨੇ ‘ਪਿਆਸਾ’, ‘ਮੇਮ ਸਾਹਿਬ’, ‘ਚਾਰ ਦਿਲ ਚਾਰ ਰਾਹੇਂ’, ‘ਮਦਰ ਇੰਡੀਆ’, ‘ਨਯਾ ਦੌਰ’, ‘ਗੀਤ’, ‘ਰਾਜਾ ਔਰ ਰੰਕ’, ‘ਸ੍ਰੀਮਾਨ ਫੰਟੂਸ਼’ ‘ਕੋਹਿਨੂਰ’ ਆਦਿ ਫਿਲਮਾਂ ਵਿੱਚ ਕੰਮ ਕੀਤਾ।