ਭਾਰਤ ਨੇ ਟਰੈਕ ਐਂਡ ਫੀਲਡ ਅਥਲੀਟਾਂ ਗਗਨਦੀਪ ਸਿੰਘ, ਨਵਜੀਤ ਕੌਰ ਢਿੱਲੋਂ ਅਤੇ ਮੁਹੰਮਦ ਅਫ਼ਜ਼ਲ ਦੇ ਅੱਜ ਇੱਥੇ ਕਾਸਾਨੋਵ ਮੈਮੋਰੀਅਲ ਟੂਰਨਾਮੈਂਟ ਦੇ ਪਹਿਲੇ ਦਿਨ ਤਿੰਨ ਸੋਨ ਤਗ਼ਮਿਆਂ ਸਣੇ ਕੁੱਲ ਛੇ ਤਗ਼ਮੇ ਜਿੱਤੇ। ਮੁਹੰਮਦ ਅਸਫ਼ ਨੇ ਪੁਰਸ਼ਾਂ ਦੇ 800 ਮੀਟਰ ਮੁਕਾਬਲੇ ਵਿੱਚ ਇੱਕ ਮਿੰਟ 49.12 ਸੈਕਿੰਡ ਦਾ ਸਮਾਂ ਕੱਢ ਕੇ ਸੋਨ ਤਗ਼ਮਾ ਜਿੱਤਿਆ, ਪਰ ਉਹ ਸੈਸ਼ਨ ਦੇ ਆਪਣੇ ਸਰਵੋਤਮ 1:49.01 ਸੈਕਿੰਡ ਦੇ ਸਮੇਂ ਤੋਂ ਖੁੰਝ ਗਿਆ, ਜੋ ਉਸ ਨੇ ਫਰਵਰੀ ਵਿੱਚ ਇੰਡੀਆ ਗ੍ਰਾਂ ਪ੍ਰੀ ਦੇ ਪਟਿਆਲਾ ਗੇੜ ਦੌਰਾਨ ਬਣਾਇਆ ਸੀ। ਗਗਨਦੀਪ ਸਿੰਘ ਨੇ ਪੁਰਸ਼ਾਂ ਦੇ ਡਿਸਕਸ ਥਰੋਅ ਵਿੱਚ ਸੋਨ ਤਗ਼ਮਾ ਜਿੱਤਿਆ, ਇਸ ਦੇ ਲਈ ਉਸ ਨੇ 52.39 ਮੀਟਰ ਦੀ ਦੂਰੀ ਤੈਅ ਕੀਤੀ, ਜੋ ਕਿਸੇ ਵੀ ਪੱਧਰ ਤੋਂ ਕਾਫ਼ੀ ਘੱਟ ਹੈ। ਸੈਂਤਿਲ ਕੁਮਾਰ ਮਿਥਰਾਵਰੁਣ ਨੇ 49.54 ਮੀਟਰ ਦੀ ਦੂਰੀ ਨਾਲ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ। ਬੀਤੇ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਨਵਜੀਤ ਕੌਰ ਢਿੱਲੋਂ ਨੇ ਭਾਰਤ ਲਈ ਤੀਜਾ ਸੋਨ ਤਗ਼ਮਾ ਜਿੱਤਿਆ, ਜਿਸ ਦੇ ਲਈ ਉਸ ਨੇ ਸਿਰਫ਼ 54.80 ਮੀਟਰ ਦੂਰ ਡਿਸਕਸ ਥਰੋਅ ਕੀਤਾ। ਇਸ ਮਗਰੋਂ ਮਹਿਲਾ ਹੈਮਰ ਥਰੋਅ ਮੁਕਾਬਲੇ ਵਿੱਚ ਜੋਤੀ ਜਾਖੜ (58.69 ਮੀਟਰ) ਅਤੇ ਅਨੀਤਾ (55.38 ਮੀਟਰ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਭਾਰਤ ਦੀ ਝੋਲੀ ਪਾਏ।
Sports ਅਥਲੈਟਿਕਸ: ਗਗਨਦੀਪ ਸਿੰਘ, ਨਵਜੀਤ ਕੌਰ ਤੇ ਅਫ਼ਜ਼ਲ ਨੇ ਜਿੱਤੇ ਸੋਨ ਤਗ਼ਮੇ