ਮੁਹੰਮਦ ਅਨਸ ਨੇ ਚੈੱਕ ਗਣਰਾਜ ਵਿੱਚ ਚੱਲ ਰਹੀ ਕਲਾਦਨੋ ਅਥਲੈਟਿਕਸ ਮੀਟ ਦੇ ਪੁਰਸ਼ 400 ਮੀਟਰ ਮੁਕਾਬਲੇ ਵਿੱਚ ਆਪਣੇ ਕੌਮੀ ਰਿਕਾਰਡ ਨੂੰ ਬਿਹਤਰ ਕਰਦਿਆਂ ਸੋਨ ਤਗ਼ਮਾ ਜਿੱਤਿਆ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। ਇਸੇ ਤਰ੍ਹਾਂ ਮਹਿਲਾਵਾਂ ਦੀ 200 ਮੀਟਰ ਮੁਕਾਬਲੇ ਵਿੱਚ ਹਿਮਾ ਦਾਸ ਨੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਤੀਜਾ ਸੋਨ ਤਗ਼ਮਾ ਹਾਸਲ ਕੀਤਾ। 24 ਸਾਲ ਦੇ ਅਨਸ ਨੇ 45.21 ਸੈਕਿੰਡ ਸਮਾਂ ਕੱਢ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਉਹ ਪੋਲੈਂਡ ਦੇ ਚਾਂਦੀ ਦਾ ਤਗ਼ਮਾ ਜੇਤੂ ਓਮੈਲਕੋ ਰਾਫਾਲ (46.19) ਤੋਂ ਇੱਕ ਸੈਕਿੰਡ ਅੱਗੇ ਰਿਹਾ। ਭਾਰਤ ਦੇ ਵਿਪਿਨ ਕਾਸਨਾ, ਅਭਿਸ਼ੇਕ ਸਿੰਘ ਅਤੇ ਦੇਵਿੰਦਰ ਸਿੰਘ ਕੰਗ ਨੇ ਪੁਰਸ਼ ਜੈਵਨਿਨ ਥਰੋਅ ਦੇ ਫਾਈਨਲ ਵਿੱਚ ਕ੍ਰਮਵਾਰ 82.51 ਮੀਟਰ, 77.32 ਮੀਟਰ ਅਤੇ 76.58 ਮੀਟਰ ਦੀ ਦੂਰੀ ਨਾਲ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਪੁਰਸ਼ਾਂ ਦੇ ਸ਼ਾਟ-ਪੁੱਟ ਵਿੱਚ ਤੇਜਿੰਦਰਪਾਲ ਸਿੰਘ ਤੂਰ ਨੇ ਕਾਂਸੀ ਦਾ ਤਗ਼ਮਾ ਜਿੱਤਣ ਲਈ 20.36 ਮੀਟਰ ਦਾ ਥਰੋਅ ਸੁੱਟਿਆ। ਉਸ ਦਾ ਕੌਮੀ ਰਿਕਾਰਡ 20.75 ਮੀਟਰ ਦਾ ਹੈ। ਅਨਸ ਨੇ ਬੀਤੇ ਸਾਲ 45.24 ਸੈਕਿੰਡ ਦੇ ਸਮੇਂ ਨਾਲ ਕੌਮੀ ਰਿਕਾਰਡ ਬਣਾਇਆ ਸੀ। ਉਸ ਨੇ ਇਸ ਨੂੰ ਤੋੜਦਿਆਂ 27 ਸਤੰਬਰ ਤੋਂ ਛੇ ਅਕਤੂਬਰ ਤੱਕ ਦੋਹਾ ਵਿੱਚ ਹੋਣ ਵਾਲੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। ਪੁਰਸ਼ਾਂ ਦੀ 400 ਮੀਟਰ ਰੇਸ ਲਈ ਵਿਸ਼ਵ ਚੈਂਪੀਅਨਸ਼ਿਪ ਕੁਆਲੀਫਾਈਂਗ ਸਮਾਂ 45.30 ਸੈਕਿੰਡ ਹੈ। ਮਹਿਲਾਵਾਂ ਦੀ 200 ਮੀਟਰ ਰੇਸ ਵਿੱਚ ਹਿਮਾ ਨੇ 23.43 ਸੈਕਿੰਡ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ, ਜਦੋਂਕਿ ਉਸ ਦੀ ਨਿੱਜੀ ਸਰਵੋਤਮ ਕਾਰਗੁਜ਼ਾਰੀ 23.10 ਸੈਕਿੰਡ ਦੀ ਹੈ। ਇਸ ਤਰ੍ਹਾਂ 11 ਦਿਨ ਦੇ ਅੰਦਰ ਇਹ ਹਿਮਾ ਦਾ ਤੀਜਾ ਕੌਮਾਂਤਰੀ ਗੋਲਡ ਹੈ। ਆਸਾਮ ਦੀ ਇਸ ਦੌੜਾਕ ਨੇ ਦੋ ਜੁਲਾਈ ਨੂੰ ਪੋਲੈਂਡ ਵਿੱਚ ਹੋਈ ਪੋਜ਼ਨਾਨ ਅਥਲੈਟਿਕਸ ਗ੍ਰਾਂ ਪ੍ਰੀ ਦੀ 200 ਮੀਟਰ ਰੇਸ ਵਿੱਚ 23.65 ਸੈਕਿੰਡ ਸਮੇਂ ਨਾਲ ਸੋਨਾ ਜਿੱਤਿਆ ਸੀ। ਇਸ ਮਗਰੋਂ ਉਸ ਨੇ ਸੱਤ ਜੁਲਾਈ ਨੂੰ ਪੋਲੈਂਡ ਵਿੱਚ ਹੀ ਕੁਤਨੋ ਅਥਲੈਟਿਕਸ ਮੀਟ ਵਿੱਚ 200 ਮੀਟਰ ਵਿੱਚ (23.97 ਸੈਕਿੰਡ) ਦੂਜਾ ਸੋਨਾ ਹਾਸਲ ਕੀਤਾ।ਮਹਿਲਾਵਾਂ ਦੀ 400 ਮੀਟਰ ਰੇਸ ਵੀਕੇ ਵਿਸਮਈਆ ਨੇ (52.54 ਸੈਕਿੰਡ) ਜਿੱਤੀ। ਸਰਿਤਾਬੇਨ ਗਾਇਕਵਾੜ (53.37 ਸੈਕਿੰਡ) ਤੀਜੇ ਸਥਾਨ ’ਤੇ ਰਹੀ।ਇਸ ਦੌਰਾਨ ਕਿਰਗਿਸਤਾਨ ਦੇ ਬਿਸ਼ਕੇਕ ਵਿੱਚ ਕੌਮਾਂਤਰੀ ਯਾਦਗਾਰੀ ਮੁਕਾਬਲੇ ਦੌਰਾਨ ਭਾਰਤ ਨੇ ਛੇ ਸੋਨੇ, ਤਿੰਨ ਚਾਂਦੀ ਅਤੇ ਇੱਕ ਕਾਂਸੀ ਜਿੱਤੀ। ਅਰਚਨਾ (100 ਮੀਟਰ), ਹਰਸ਼ ਕੁਮਾਰ (400 ਮੀਟਰ), ਲਿਲੀ ਦਾਸ (1500 ਮੀਟਰ), ਜੈਵਲਿਨ ਵਿੱਚ ਸਾਹਿਲ ਸਿਲਵਾਲ ਅਤੇ ਮਹਿਲਾਵਾਂ ਦੀ 4 ਗੁਣਾ 100 ਮੀਟਰ ਰਿਲੇਅ ਟੀਮ ਨੇ ਆਪੋ-ਆਪਣੇ ਸੋਨ ਤਗ਼ਮੇ ਜਿੱਤੇ। ਰਾਹੁਲ (1500 ਮੀਟਰ), ਜਿਸਨਾ ਮੈਥਿਊ (400 ਮੀਟਰ) ਅਤੇ ਗਜਾਨੰਦ ਮਿਸਤਰੀ (400 ਮੀਟਰ) ਨੇ ਚਾਂਦੀ ਦੇ ਤਗ਼ਮੇ ਜਿੱਤੇ, ਜਦਕਿ ਰੋਹਿਤ ਯਾਦਵ (ਜੈਵਲਿਨ ਥਰੋਅ) ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
Sports ਅਥਲੈਟਿਕਸ: ਅਨਸ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ