ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤਿਵਾਦ ਨੂੰ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਕਰਾਰ ਦਿੰਦਿਆਂ ਕਿਹਾ ਕਿ ਗੁਆਂਢ ਵਿਚ ਅਤਿਵਾਦ ਦੀਆਂ ਫੈਕਟਰੀਆਂ ਚੱਲ ਰਹੀਆਂ ਹਨ ਤੇ ਕਮਜ਼ੋਰ ਸਰਕਾਰ ਦੀ ਉਡੀਕ ਕਰ ਰਹੀਆਂ ਹਨ। ਅਯੁੱਧਿਆ ਤੋਂ ਕਰੀਬ 25 ਕਿਲੋਮੀਟਰ ਦੂਰ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜ਼ਿਆਦਾਤਰ ਗੱਲਾਂ ਅਤਿਵਾਦ ਦੇ ਖ਼ਤਰੇ ਬਾਰੇ ਹੀ ਕੀਤੀਆਂ। ਸ੍ਰੀਲੰਕਾ ਵਿਚ ਈਸਟਰ ਮੌਕੇ ਹੋਏ ਹਮਲਿਆਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਭਾਰਤ ਵਿਚ ਹਾਲਾਤ ਇਸੇ ਤਰ੍ਹਾਂ ਦੇ ਸਨ। ਅਯੁੱਧਿਆ ਵਿਚ ਹੋਏ ਧਮਾਕਿਆਂ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਤੱਕ ਰੋਜ਼ ਹਮਲੇ ਹੋ ਰਹੇ ਸਨ ਪਰ ਹੁਣ ਘਟ ਗਏ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਦਾ ਇਹ ਮਤਲਬ ਨਹੀਂ ਕਿ ਖ਼ਤਰਾ ਟਲ ਗਿਆ ਹੈ। ਅਤਿਵਾਦ ਦੀਆਂ ਫੈਕਟਰੀਆਂ ਗੁਆਂਢ ’ਚ ਹੀ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਕਾਰੋਬਾਰ ਦਾ ਰੂਪ ਦੇ ਦਿੱਤਾ ਗਿਆ ਹੈ ਤੇ ਉਹ ਬਸ ਮੌਕੇ ਦੀ ਤਾਕ ’ਚ ਹਨ। ਉਹ ਇੱਥੇ ਭਾਜਪਾ ਉਮੀਦਵਾਰਾਂ ਮੁਕਤ ਬਿਹਾਰੀ ਵਰਮਾ (ਅੰਬੇਡਕਰ ਨਗਰ) ਤੇ ਲਾਲੂ ਸਿੰਘ (ਅਯੁੱਧਿਆ) ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਲੋਕਾਂ ਨੂੰ ਭਾਜਪਾ ਦੇ ਪੱਖ ’ਚ ਭੁਗਤਣ ਦੀ ਅਪੀਲ ਕੀਤੀ ਤੇ ਸਪਾ-ਬਸਪਾ ਗੱਠਜੋੜ ਦੀ ਨਿਖੇਧੀ ਕੀਤੀ। ਮੋਦੀ ਨੇ ਕੌਸ਼ਾਂਭੀ ਵਿਚ ਕਿਹਾ ਕਿ ਯੂਪੀ ਵਿਚ ਭਾਜਪਾ ਸਰਕਾਰ ਨੇ ਸਫ਼ਲਤਾ ਨਾਲ ਕੁੰਭ ਮੇਲਾ ਕਰਵਾਇਆ ਹੈ ਤੇ ਜ਼ਬਰਦਸਤ ਪ੍ਰਬੰਧ ਕੀਤੇ ਗਏ ਸਨ ਜਦਕਿ 1954 ’ਚ ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਹੁੰਦਿਆਂ ਮੱਚੀ ਭਾਜੜ ’ਚ ਹਜ਼ਾਰਾਂ ਲੋਕ ਮਾਰੇ ਗਏ ਸਨ। -ਪੀਟੀਆਈ
HOME ਅਤਿਵਾਦ ਹੀ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ: ਮੋਦੀ