ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਵਿਰੋਧੀ ਧਿਰ ਉਨ੍ਹਾਂ ’ਤੇ ‘ਸਟ੍ਰਾਈਕ’ ਕਰਨਾ ਚਾਹੁੰਦੀ ਹੈ, ਪਰ ਉਹ ਅਤਿਵਾਦ ਉੱਤੇ ‘ਸਟ੍ਰਾਈਕ’ ਕਰ ਕੇ ਇਸ ਨੂੰ ਜੜ੍ਹੋਂ ਉਖਾੜਨਾ ਚਾਹੁੰਦੇ ਹਨ। ਉਹ ਇੱਥੇ ਅਸੰਗਠਿਤ ਖੇਤਰ ਲਈ ਇਕ ਪੈਨਸ਼ਨ ਸਕੀਮ ਦੇ ਲਾਂਚ ਮੌਕੇ ਬੋਲ ਰਹੇ ਸਨ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਗਰੀਬੀ ਤੇ ਬੇਈਮਾਨੀ ਖ਼ਤਮ ਕਰਨ ਲਈ ਯਤਨਸ਼ੀਲ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕਾਮਿਆਂ ਤੇ ਕਿਸਾਨਾਂ ਦੇ ਹਿੱਤ ਸੁਰੱਖਿਅਤ ਕਰਨ ਦੇ ਚਾਹਵਾਨ ਹੈ। ਉਨ੍ਹਾਂ ਅਹਿਮਦਾਬਾਦ ਵਿਚ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਪੈਨਸ਼ਨ ਸਕੀਮ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ 55 ਸਾਲ ਦੇਸ਼ ’ਤੇ ਰਾਜ ਕੀਤਾ ਹੈ ਪਰ ਗਰੀਬੀ ਮਿਟਾਉਣ ਦੀ ਥਾਂ ਵੋਟਾਂ ਬਟੋਰਨ ਨੂੰ ਤਰਜੀਹ ਦਿੱਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਖੱਬੇ ਪੱਖੀ ਸਰਕਾਰਾਂ ਵੀ ਅਜਿਹੀ ਪੈਨਸ਼ਨ ਸਕੀਮ ਸ਼ੁਰੂ ਨਹੀਂ ਕਰ ਸਕੀਆਂ। ਇਸ ਤੋਂ ਇਲਾਵਾ ਧਾਰ ਵਿਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਪੁਲਵਾਮਾ ਹਮਲੇ ਦਾ ਜਵਾਬ ਪਾਕਿਸਤਾਨ ਵਿਚ ਅਤਿਵਾਦੀਆਂ ਦੀਆਂ ਪਨਾਹਗਾਹਾਂ ਤੱਕ ਪਹੁੰਚ ਕਰ ਕੇ ਦਿੱਤਾ ਹੈ। ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿ ਨੂੰ ਚਿਤਾਵਨੀ ਦਿੱਤੀ ਕਿ ਜੇ ਉਹ ਅਤਿਵਾਦ ਖ਼ਿਲਾਫ਼ ਕਦਮ ਨਹੀਂ ਚੁੱਕਦਾ ਤਾਂ ਨਤੀਜੇ ਭੁਗਤਣੇ ਪੈਣਗੇ। ਵਿਰੋਧੀ ਧਿਰ ਵੱਲੋਂ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਉੱਤੇ ਹਮਲੇ ਦੇ ਸਬੂਤ ਮੰਗੇ ਜਾਣ ’ਤੇ ਉਨ੍ਹਾਂ ਕਿਹਾ ਕਿ ਹਵਾਈ ਹਮਲੇ ਪਾਕਿ ਵਿਚ ਹੋਏ ਹਨ, ਪਰ ‘ਭਾਰਤ ਵਿਚ ਬੈਠੇ ਕੁਝ ਲੋਕ ਵੀ ਇਨ੍ਹਾਂ ਦਾ ਨਿਸ਼ਾਨਾ ਬਣ ਗਏ ਹਨ’। ਉਨ੍ਹਾਂ ਮਹਾਂਗੱਠਜੋੜ ਦੀ ਵੀ ਆਲੋਚਨਾ ਕੀਤੀ ਤੇ ਕਿਹਾ ਕਿ ਇਸ ਦੇ ਆਗੂ ਹਥਿਆਰਬੰਦ ਸੈਨਾਵਾਂ ਦਾ ਹੌਸਲਾ ਪਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
HOME ਅਤਿਵਾਦ ਖ਼ਿਲਾਫ਼ ਕਦਮ ਨਾ ਚੁੱਕਣ ’ਤੇ ਨਤੀਜੇ ਭੁਗਤੇਗਾ ਪਾਕਿ: ਮੋਦੀ